ਬਾਦਲ ਸਰਕਾਰ ਦਾ ਅਜੀਬ ਫ਼ੈਸਲਾ ਸੀ ਸੌਦਾ ਸਾਧ ਦੀਆਂ ਫ਼ਿਲਮਾਂ ਦੇ ਪੋਸਟਰਾਂ ਦੀ ਰਾਖੀ ਪਰ....

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੀੜਤ ਬੋਲੇ, 'ਸਪੋਕਸਮੈਨ' ਨੇ ਪਹਿਲੇ ਦਿਨ ਤੋਂ ਹੀ ਮਾਰਿਆ ਹਾਅ ਦਾ ਨਾਹਰਾ 

Film Posters

ਕੋਟਕਪੂਰਾ : ਬੇਅਦਬੀ ਅਤੇ ਗੋਲੀਕਾਂਡ ਦੇ ਪੀੜਤਾਂ ਤਕ ਪਹੁੰਚ ਕਰ ਕੇ ਜਦ ਅੱਜ 'ਸਪੋਕਸਮੈਨ ਟੀ.ਵੀ.' ਚੈਨਲ ਦੀ ਟੀਮ ਨੇ ਉਨ੍ਹਾਂ ਦੇ ਦੁੱਖ, ਦਰਦ, ਮੁਸ਼ਕਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਸੁਣੀਆਂ ਤਾਂ ਉਨ੍ਹਾਂ ਮੰਨਿਆ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਪਹਿਲੇ ਦਿਨ ਤੋਂ ਹੀ ਪੀੜਤ ਪਰਵਾਰਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਿਆ ਜਾ ਰਿਹਾ ਹੈ। ਵੱਖ-ਵੱਖ ਚਾਰ ਪੜਾਵਾਂ 'ਚ ਕੀਤੀ ਗੱਲਬਾਤ ਦੌਰਾਨ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਪੁਲਿਸ ਵਲੋਂ ਨਿਰਦੋਸ਼ ਅਤੇ ਨਿਹੱਥੇ ਸਿੱਖ ਨੌਜਵਾਨਾਂ 'ਤੇ ਢਾਹੇ ਅਤਿਆਚਾਰ ਤੇ ਤੀਜੇ ਦਰਜੇ ਦੇ ਤਸ਼ੱਦਦ ਦੀਆਂ ਉਹ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸੁਣ ਕੇ ਜਾਂ ਮਹਿਸੂਸ ਕਰ ਕੇ ਰੂਹ ਕੰਬ ਉਠਦੀ ਹੈ।

ਪਹਿਲਾ ਪੜਾਅ ਨੇੜਲੇ ਪਿੰਡ ਪੰਜਗਰਾਂਈ ਖ਼ੁਰਦ ਦੇ ਵਸਨੀਕ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਘਰ ਸੀ, ਜਿਥੇ ਉਕਤ ਦੋਵਾਂ ਭਰਾਵਾਂ ਤੇ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਦਰਦੀ ਨੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਹਾਜ਼ਰੀ 'ਚ ਦਸਿਆ ਕਿ ਬਾਦਲ ਸਰਕਾਰ ਦੇ ਉਹ ਦਿਨ ਬੜੇ ਅਜੀਬ ਸਨ, ਜਦੋਂ ਸੌਦਾ ਸਾਧ ਦੀਆਂ ਫ਼ਿਲਮਾਂ ਦੇ ਪੋਸਟਰਾਂ ਦੀ ਰਾਖੀ ਲਈ ਤਾਂ ਭਾਰੀ ਤਾਦਾਦ 'ਚ ਪੁਲਿਸ ਤੈਨਾਤ ਕੀਤੀ ਜਾਂਦੀ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸ਼ਰੇਆਮ ਵਾਪਰਦੀਆਂ ਸਨ।

ਉਨ੍ਹਾਂ ਦਸਿਆ ਕਿ ਜਦੋਂ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਨੇ ਹੱਥ ਲਿਖਤ ਪੋਸਟਰ ਗੁਰਦਵਾਰਿਆਂ ਦੀਆਂ ਕੰਧਾਂ 'ਤੇ ਲਾ ਕੇ ਖ਼ੁਦ ਹੀ ਮੰਨ ਲਿਆ ਕਿ ਪਾਵਨ ਸਰੂਪ ਸਾਡੇ ਕਬਜ਼ੇ 'ਚ ਹੈ ਅਤੇ ਹੈ ਵੀ ਬਰਗਾੜੀ 'ਚ, ਲੱਭਣ ਵਾਲੇ ਨੂੰ 10 ਲੱਖ ਰੁਪਏ ਨਕਦ ਇਨਾਮ ਮਿਲੇਗਾ ਤਾਂ ਉਸ ਸਮੇਂ ਵੀ ਬਾਦਲ ਸਰਕਾਰ ਦੀ ਪੁਲਿਸ ਨੇ ਕਿਸੇ ਇਕ ਵੀ ਡੇਰਾ ਪ੍ਰੇਮੀ ਨੂੰ ਪੁਛਗਿਛ ਦੇ ਨਾਂਅ 'ਤੇ ਹਿਰਾਸਤ 'ਚ ਲੈਣ ਜਾਂ ਜਾਂਚ 'ਚ ਸ਼ਾਮਲ ਕਰਨ ਦੀ ਜ਼ਰੂਰਤ ਹੀ ਨਾ ਸਮਝੀ। 

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਬਾਦਲ ਸਰਕਾਰ ਦੋ ਸਿਰੋ ਮੋਨੇ ਕਲੀਨ ਸ਼ੇਵ ਨੌਜਵਾਨਾਂ ਦੇ ਸਕੈੱਚ ਜਾਰੀ ਕਰ ਕੇ ਉਨ੍ਹਾਂ ਨੂੰ ਦੋਸ਼ੀ ਐਲਾਨ ਰਹੀ ਹੈ ਪਰ ਇਕ ਵੀ ਸਿਰੋ ਮੋਨਾ ਨੌਜਵਾਨ ਪੁਛਗਿਛ ਲਈ ਹਿਰਾਸਤ 'ਚ ਨਾ ਲਿਆ ਗਿਆ, ਸਗੋਂ ਦੋ ਦਰਜਨ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਜਿਨ੍ਹਾਂ ਵਿਚੋਂ ਦੋ ਨੌਜਵਾਨ ਅਪਣਾ ਮਾਨਸਕ ਸੰਤੁਲਨ ਵੀ ਖੋਹ ਬੈਠੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪੰਥ ਦੇ ਨਾਮ 'ਤੇ ਲਗਾਤਾਰ 50 ਸਾਲ ਸਿਆਸੀ ਰੋਟੀਆਂ ਸੇਕਣ ਵਾਲਾ ਬਾਦਲ ਪਰਵਾਰ ਜਵਾਬ ਦੇਵੇ ਕਿ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੰਦੇ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨ੍ਹੇਵਾਹ ਪੁਲਿਸ ਫ਼ਾਇਰਿੰਗ ਕਰ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਅਤੇ ਦੋ ਦਰਜਨ ਤੋਂ ਜ਼ਿਆਦਾ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ੀ ਕੌਣ ਹਨ?