ਸੌਦਾ ਸਾਧ ਦੇ ਚੇਲੇ ਨੇ ਸਿੱਧਾ ਹੀ ਸੌਦਾ ਸਾਧ ਨੂੰ ਗੁਰੁ ਗੋਬਿੰਦ ਸਿੰਘ ਜੀ ਦਾ ਰੂਪ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਨੀਪ੍ਰੀਤ ਨੂੰ ਸਾਹਿਬਜ਼ਾਦਾ ਫ਼ਤਿਹ ਸਿੰਘ ਦਾ ਅਵਤਾਰ ਕਿਹਾ

Pic-1

ਖਾਲੜਾ : ਅਕਸਰ ਹੀ ਕੋਈ ਨਾ ਕੋਈ ਡੇਰਿਆਂ ਨਾਲ ਜੁੜਿਆ ਜਾਂ ਹੋਰ ਸ਼ਰਾਰਤੀ ਅਨਸਰ ਰੋਜ਼ਾਨਾ ਹੀ ਅਜਿਹਾ ਕਾਰਾ ਕਰਦਾ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ  ਹੈ। ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ ਉਪਰ ਸੌਦਾ ਸਾਧ ਦੇ ਇਕ ਚੇਲੇ ਵਲੋਂ ਅਪਣੀ ਬੇਵਕੂਫ਼ੀ ਜ਼ਾਹਰ ਕਰਦਿਆਂ ਬਹੁਤ ਹੀ ਸ਼ਰਮਨਾਕ ਕਾਰਾ ਕਰਦਿਆਂ ਇਕ ਵੀਡੀਉ ਪਾਈ ਹੈ ਜਿਸ ਵਿਚ ਉਹ ਸੌਦਾ ਸਾਧ ਨੂੰ ਸਿੱਧਾ ਹੀ ਗੁਰੁ ਗੋਬਿੰਦ ਸਿੰਘ ਜੀ ਦਾ ਰੂਪ ਅਤੇ ਹਨੀਪ੍ਰੀਤ ਨੂੰ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਅਵਤਾਰ ਦਸ ਰਿਹਾ ਹੈ।

ਉਹ ਕਹਿ ਰਿਹਾ ਹੈ ਕਿ ਫ਼ਤਿਆਬਾਦ ਦਾ ਨਾਮ ਵੀ ਇਸੇ ਕਰ ਕੇ ਹੀ ਰਖਿਆ ਗਿਆ ਹੈ ਜਿਸ ਵਿਚ ਉਹ ਅਪਣੇ ਦਿਮਾਗ਼ ਦਾ ਦੀਵਾਲਾ ਕਢਦਿਆਂ ਕਹਿੰਦਾ ਹੈ ਕਿ 'ਡੰਕਾ ਬਾਜ਼ੇ ਫ਼ਤਿਹ ਕਾ ਨਿਹਕਲੰਕ ਅਵਤਾਰ' ਕਿ ਸੌਦਾ ਸਾਧ ਨੇ ਫ਼ਿਲਮਾਂ ਰਾਹੀਂ ਦੁਨੀਆਂ ਵਿਚ ਫ਼ਤਿਹ ਦਾ ਡੰਕਾ ਅਪਣਾ ਬੋਲਬਾਲਾ ਕੀਤਾ ਹੈ। ਉਸ ਵਿਚ ਉਹ ਫ਼ਤਿਹ ਕਾ ਤੋਂ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਨਾਮ ਵਰਤਦਿਆਂ ਉਸ ਨੂੰ ਹਨੀਪ੍ਰੀਤ ਨਾਲ ਜੋੜ ਰਿਹਾ ਹੈ।

ਇਸ ਵੀਡੀਉ ਵਿਚ ਉਹ ਸਾਫ਼ ਲਫ਼ਜ਼ਾਂ ਵਿਚ ਕਹਿ ਰਿਹਾ ਹੈ ਕਿ 2008 ਵਿਚ ਸਲਾਬਤਪੁਰਾ ਡੇਰੇ ਵਿਚ ਜਦੋਂ ਸੌਦਾ ਸਾਧ ਨੇ ਰੂਹਾਨੀ ਜਾਮ ਪਿਆਇਆ ਸੀ ਉਸ ਸਮੇਂ ਸਾਰਿਆਂ ਨੇ ਕਿਹਾ ਸੀ ਕਿ ਅੱਜ ਤਾਂ ਇਹ ਜਮ੍ਹਾਂ ਹੀ ਗੁਰੁ ਗੋਬਿੰਦ ਸਿੰਘ ਜੀ ਹੀ ਲੱਗ ਰਹੇ ਹਨ। ਉਹ ਕਹਿੰਦਾ ਹੈ ਕਿ ਕੀ ਕੋਈ ਸਿੱਖ ਅਜੇ ਤਕ ਡੇਰੇ ਵਿਚ ਆਇਆ ਹੀ ਨਹੀਂ ਕਿ ਜਿਸ ਨੂੰ ਇਸ ਗੱਲ ਦਾ ਪਤਾ ਲੱਗ ਸਕੇ। ਇਸ ਸਬੰਧੀ ਗੱਲ ਕਰਦਿਆਂ ਪ੍ਰਚਾਰਕ ਭਾਈ ਕਰਨਬੀਰ ਸਿੰਘ, ਭਾਈ ਸੰਦੀਪ ਸਿੰਘ, ਭਾਈ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਹ ਲੋਕ ਅਪਣੀ ਅਕਲ ਦਾ ਦੀਵਾਲਾ ਕਢਦਿਆਂ ਅਜਿਹੀਆਂ ਗੱਲਾਂ ਕਰਦਿਆਂ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ ਅਤੇ ਪ੍ਰਸ਼ਾਸਨ ਵੀ ਇਨ੍ਹਾਂ ਨੂੰ ਨੱਥ ਨਹੀਂ ਪਾ ਰਿਹਾ।

ਉਨ੍ਹਾਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਇੰਨਾ ਕੁੱਝ ਵਾਪਰਦਿਆਂ ਵੀ ਜਿਹੜੇ ਲੀਡਰ ਚਾਹੇ ਉਹ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਹੋਣ ਜਾਂ ਦੂਸਰੇ ਜਿਹੜੇ ਰੋਜ਼ਾਨਾ ਸਟੇਜਾਂ 'ਤੇ ਬੋਲਦੇ ਹਨ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ ਅਤੇ ਉਸੇ ਪੰਜਾਬ ਦੀ ਧਰਤੀ 'ਤੇ ਇਹ ਲੋਕ ਗੁਰੁ ਸਾਹਿਬ ਪ੍ਰਤੀ ਡੇਰੇਦਾਰਾਂ ਅਤੇ ਉਨ੍ਹਾਂ ਦੇ ਚੇਲਿਆਂ ਵਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਨੂੰ ਸੁਣਨ ਤੋਂ ਬਾਅਦ ਵੀ ਜਾ ਕੇ ਵੋਟਾਂ ਦੀ ਖ਼ਾਤਰ ਨੱਕ ਰਗੜਦੇ ਹਨ। ਇਨ੍ਹਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਜਿਹੇ ਵਿਅਕਤੀ ਵਿਰੁਧ ਕਰੜੀ ਕਾਰਵਾਈ ਕਰੇ ਜਿਸ ਨੇ ਅਪਣੀ ਗੰਦੀ ਜ਼ੁਬਾਨ ਤੋਂ ਦਸ਼ਮੇਸ਼ ਪਿਤਾ ਜੀ ਅਤੇ ਸਤਿਕਾਰਯੋਗ ਸਾਹਿਬਜ਼ਾਦਾ ਫ਼ਤਿਹ ਸਿੰਘ ਦੀ ਤੁਲਨਾ ਪਾਖੰਡੀ ਸਾਧ ਅਤੇ ਉਸ ਦੀ ਚੇਲੀ ਨਾਲ ਕਰ ਕੇ ਸਿੱਖ ਹਿਰਦਿਆਂ ਨਾਲ ਭਾਰੀ ਖਿਲਵਾੜ ਕੀਤਾ ਹੈ।