ਗੜ੍ਹਦੀਵਾਲਾ ਵਿਚ ਦੋ ਗੁਰਦਵਾਰਾ ਕਮੇਟੀਆਂ ਵਿਚਾਲੇ ਵਿਵਾਦ ਗਰਮਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਕਮੇਟੀ ਵਲੋਂ ਪੁਰਾਣੇ ਗੁਰਦਵਾਰਾ ਸਾਹਿਬ 'ਚ ਜਿੰਦਰੇ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੂਜੇ ਗੁਰਦਵਾਰਾ ਸਾਹਿਬ ਲਿਜਾਣ 'ਤੇ ਭਖਿਆ ਮਾਮਲਾ

Pic

ਗੜਦੀਵਾਲਾ : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਚਾਂਗ ਬਸੋਆ ਵਿਖੇ ਬਣੇ ਦੋ ਗੁਰਦਵਾਰਾ ਸਾਹਿਬਾਨ ਵਿਚਾਲੇ ਚਲਦਾ ਵਿਵਾਦ ਬੀਤੇ ਦਿਨੀਂ ਨਵੀਂ ਗੁਰਦਵਾਰਾ ਕਮੇਟੀ ਵਲੋਂ ਪੁਰਾਣੇ ਗੁਰਦਵਾਰਾ ਸਾਹਿਬ ਦੇ ਜਿੰਦਰੇ ਤੋੜ ਕੇ ਅੰਦਰੋਂ ਗੁਰੂ ਗੰ੍ਰਥ ਸਾਹਿਬ ਦੇ ਤਿੰਨ ਪਾਵਨ ਸਰੂਪ ਚੁਕ ਕੇ ਨਵੇਂ ਗੁਰੂ ਘਰ ਸੁਸ਼ੋਭਿਤ ਕਰ ਦੇਣ ਕਾਰਨ ਹੋਰ ਗਰਮਾ ਗਿਆ। 

ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਨਵੇਂ ਗੁਰਦਵਾਰਾ ਕਮੇਟੀ ਪ੍ਰਬੰਧਕਾਂ ਵਲੋਂ ਪੁਰਾਣੇ ਗੁਰੂ ਘਰ ਦੇ ਜਿੰਦਰੇ ਤੋੜ ਕੇ ਗੁਰ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਵੇਂ ਗੁਰਦਵਾਰਾ ਸਾਹਿਬ ਸੁਸ਼ੋਭਿਤ ਕਰਨ ਕਰ ਕੇ ਮਾਮਲਾ ਗੰਭੀਰ ਬਣ ਗਿਆ। ਪੁਰਾਣੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਜੰਮ ਕੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਉਕਤ ਘਟਨਾ ਦਾ ਪਤਾ ਚਲਦਿਆਂ ਸਾਰ ਡੀ.ਐਸ.ਪੀ.ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ ਮੁਕੇਰੀਆ ਰਵਿੰਦਰ ਸਿੰਘ, ਥਾਣਾ ਮੁਖੀ ਗੜ੍ਹਦੀਵਾਲਾ ਜਤਿੰਦਰ ਕੁਮਾਰ, ਥਾਣਾ ਮੁਖੀ ਟਾਂਡਾ ਹਰਗੁਰਦੇਵ ਸਿੰਘ, ਥਾਣਾ ਮੁਖੀ ਮੁਕੇਰੀਆ, ਦਸੂਹਾ ਭਾਰੀ ਫ਼ੋਰਸ ਸਮੇਤ ਮੌਕੇ 'ਤੇ ਪੁੱਜ ਗਏ।

ਪ੍ਰਸ਼ਾਸਨ ਵਲੋਂ ਨਵੇਂ ਗੁਰਦਵਾਰਾ ਸਾਹਿਬ ਦੀ ਕਮੇਟੀ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਮੌਕੇ ਪੁਰਾਣੇ ਗੁਰਦਵਾਰਾ ਦੇ ਪ੍ਰਬੰਧਕਾਂ ਨੇ ਦੋਸ਼ ਲਗਾਇਆ ਕਿ ਅੱਜ ਪਿੰਡ ਦੀਆਂ ਸੰਗਤਾਂ ਕਿਤੇ ਧਾਰਮਕ ਸਥਾਨ 'ਤੇ ਗਏ ਹੋਣ ਕਰ ਕੇ ਉਕਤ ਨਵੇਂ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਚੋਰੀ ਜਿੰਦਰੇ ਤੋੜ ਕੇ ਗੁਰੂ ਗ੍ਰੰਥ ਸਾਹਿਬ ਉਠਾ ਕੇ ਜਿੰਦਰੇ ਲਗਾ ਕੇ ਗੁਰਦਵਾਰਾ ਸਾਹਿਬ ਅੰਦਰ ਘੋਰ ਬੇਅਦਬੀ ਕੀਤੀ। ਇਸ ਲਈ ਮਾਮਲਾ ਦਰਜ ਕੀਤਾ ਜਾਵੇ।

ਪ੍ਰਸ਼ਾਸਨ ਵਲੋਂ ਬੜੀ ਸੂਝਬੂਝ ਨਾਲ ਪਿੰਡ ਦੀ ਪੰਚਾਇਤ ਹੋਰ ਮੋਹਤਵਾਰ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਪਾਠੀ ਸਿੰਘ ਬੁਲਾ ਕੇ ਪੂਰੀ ਰਹਿਤ ਮਰਿਆਦਾ ਅਨੁਸਾਰ ਨਵੇਂ ਗੁਰਦਵਾਰਾ ਸਾਹਿਬ ਦੇ ਜਿੰਦਰੇ ਖੁਲ੍ਹਵਾ ਕੇ ਦੁਬਾਰਾ ਪੁਰਾਣੇ ਗੁਰਦਵਾਰਾ ਸਾਹਿਬ ਵਿਖੇ ਗੁਰੂ ਗੰ੍ਰਥ ਸਾਹਿਬ ਸੁਸ਼ੋਭਿਤ ਕਰਵਾ ਦਿਤਾ ਅਤੇ ਦੋਵਾਂ ਧਿਰਾਂ ਨਾਲ ਗੱਲਬਾਤ ਰਾਹੀਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।