ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੀਆਂ ਤਰੀਕਾਂ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਆਹਮੋ ਸਾਹਮਣੇ

Guru Arjun Dev ji

ਕੋਟਕਪੂਰਾ : ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਰਮਿਆਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਛਿੜਨ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਬਿਕਰਮੀ ਕੈਲੰਡਰ ਅਨੁਸਾਰ ਸ਼੍ਰੋਮਣੀ ਕਮੇਟੀ 8 ਜੂਨ ਨੂੰ ਗੁਰਪੁਰਬ ਮਨਾਉਣਾ ਚਾਹੁੰਦੀ ਹੈ, ਜਦਕਿ ਪਾਕਿਸਤਾਨ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰਪੁਰਬ ਮਨਾਉਣ ਲਈ ਦ੍ਰਿੜ ਹੈ। 

ਜ਼ਿਕਰਯੋਗ ਹੈ ਕਿ 2003 'ਚ ਜਾਰੀ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੇ ਮਾਨਤਾ ਦੇ ਦਿਤੀ ਸੀ ਪਰ 7 ਸਾਲਾਂ ਬਾਅਦ ਅਰਥਾਤ 2010 'ਚ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪਤਾ ਨਹੀਂ ਕਿਸ ਸ਼ਕਤੀ ਦੇ ਦਬਾਅ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦਾ ਐਲਾਨ ਕਰ ਦਿਤਾ। ਉਕਤ ਮਾਮਲੇ ਦਾ ਦਿਲਚਸਪ ਤੇ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਉਸ ਸਮੇਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਉਪਰ ਸੰਤ ਸਮਾਜ, ਸਾਧ ਯੂਨੀਅਨ ਅਤੇ ਪੰਥ ਵਿਰੋਧੀ ਤਾਕਤਾਂ ਦੇ ਦਬਾਅ ਹੇਠ ਕੈਲੰਡਰ ਨੂੰ ਕਤਲ ਕਰਨ ਦੇ ਦੋਸ਼ ਲੱਗੇ ਪਰ ਅੱਜ ਤਕ ਤਖ਼ਤਾਂ ਦੇ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਪੱਸ਼ਟੀਕਰਨ ਜਾਂ ਸਾਫ਼ ਸਫ਼ਾਈ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ।

ਜ਼ਿਕਰਯੋਗ ਹੈ ਕਿ 2010 ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ 'ਚ ਲਗਾਤਾਰ 6 ਵਾਰ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 8 ਜੂਨ ਨੂੰ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ, ਜਦਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਐਲਾਨ ਕੀਤਾ ਹੋਇਆ ਹੈ ਕਿ ਸਾਰੇ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਏ ਜਾਇਆ ਕਰਨਗੇ, ਭਾਵੇਂ ਇਹ ਸਿਲਸਿਲਾ 2003 ਤੋਂ ਬਾਅਦ ਨਿਰੰਤਰ ਜਾਰੀ ਹੈ ਪਰ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰਪੁਰਬ ਮੌਕੇ ਲਿਜਾਇਆ ਜਾਣ ਵਾਲਾ ਜੱਥਾ ਇਸ ਵਾਰ ਵੀ ਨਹੀਂ ਜਾਵੇਗਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿਖੇ ਸਥਿਤ ਪਾਕਿਸਤਾਨ ਦੂਤਘਰ ਨੇ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ ਵਾਸਤੇ ਵੀਜ਼ੇ ਜਾਰੀ ਨਹੀਂ ਕੀਤੇ ਜਿਸ ਕਾਰਨ ਸ਼੍ਰੋਮਣੀ ਕਮੇਟੀ ਵਲੋਂ ਹਰ ਸਾਲ ਪਾਕਿਸਤਾਨ ਜੱਥਾ ਭੇਜਣ ਤੋਂ ਇਨਕਾਰ ਕਰਨ ਦੀ ਮਜਬੂਰੀ ਬਣਦੀ ਆ ਰਹੀ ਹੈ।

ਸ਼੍ਰੋਮਣੀ ਕਮੇਟੀ ਦੇ ਸੂਤਰਾਂ ਅਨੁਸਾਰ ਐਸਜੀਪੀਸੀ ਨੇ ਸ਼ਹੀਦੀ ਪੁਰਬ ਲਈ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 5 ਜੂਨ ਤੋਂ ਲੈ ਕੇ 14 ਜੂਨ ਤਕ ਦਾ ਪ੍ਰੋਗਰਾਮ ਤਿਆਰ ਕੀਤਾ ਹੈ। ਇਸ ਦੇ ਆਧਾਰ 'ਤੇ ਸ਼੍ਰੋਮਣੀ ਕਮੇਟੀ ਨੇ ਵੀਜ਼ੇ ਲਈ ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਦੂਤਘਰ ਨੂੰ ਭੇਜੇ ਹਨ। ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਡਾ. ਰੂਪ ਸਿੰਘ ਅਨੁਸਾਰ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਵੀਜ਼ੇ ਮਿਲੇ ਤਾਂ ਹੀ ਜੱਥਾ ਪਾਕਿਸਤਾਨ ਜਾਵੇਗਾ ਨਹੀਂ ਤਾਂ ਨਹੀਂ। ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਹੀ ਮਨਾਇਆ ਜਾਵੇਗਾ।

ਭਾਵੇਂ ਕਰੀਬ 3 ਸਾਲ ਪਹਿਲਾਂ 2016 'ਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ ਜਥੇ ਨੇ ਪਾਕਿਸਤਾਨ ਕਮੇਟੀ ਨਾਲ ਸ਼ਹੀਦੀ ਪੁਰਬ ਦੇ ਮਾਮਲੇ 'ਚ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸੋਧੇ ਗਏ ਕੈਲੰਡਰ ਦੀਆਂ ਤਰੀਕਾਂ ਦਾ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਜੇ ਤੱਕ ਉਕਤ ਵਿਵਾਦ ਬਰਕਰਾਰ ਹੈ। ਕੁੱਝ ਸਿੱਖ ਇਤਿਹਾਸਕਾਰਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੁਬਾਰਾ ਲਾਗੂ ਕਰਨ ਦੀ ਪਹਿਲਕਦਮੀ ਨਾ ਕੀਤੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਰੀਕਾਂ ਨੂੰ ਲੈ ਕੇ ਦੁਬਾਰਾ ਫਿਰ ਵਿਵਾਦ ਪੈਦਾ ਹੋਣਾ ਸੁਭਾਵਕ ਹੈ।