ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੀ ਕਮੇਟੀ ਨੇ  ਗੁਰਦਵਾਰਾ ਸਾਹਿਬ ਦੇ ਪ੍ਰਚਾਰਕ ਨੂੰ ਕੀਤਾ ਫ਼ਾਰਗ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਪੁਸ਼ਪਿੰਦਰ ਸਿੰਘ ਦੀ ਹਰ ਮਹੀਨੇ ਦੀ ਤਨਖ਼ਾਹ ਜੋ ਕਿ ਪ੍ਰਬੰਧਕਾਂ ਵਲੋਂ ਹਰ ਮਹੀਨੇ ਚੈੱਕ ਰਾਹੀ ਉਸ ਦੇ ਅਕਾਊਂਟ ਵਿਚ ਪਾਈ ਜਾਂਦੀ ਰਹੀ।

Gurudwara Sahib

ਜੰਮੂ (ਸਰਬਜੀਤ ਸਿੰਘ): ਰਾਗੀ ਭਾਈ ਸੁਰਜੀਤ ਸਿੰਘ ਨੂੰ ਤਾਲਾਬੰਦੀ ਦੌਰਾਨ ਨੌਕਰੀ ਤੋਂ ਮੁਅੱਤਲ ਕਰਨ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਅਤੇ ਗੁਰਦੁਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਦੀ ਕਮੇਟੀ ਵਲੋਂ ਇਸ ਵਾਰ ਗੁਰਦੁਵਾਰਾ ਸਾਹਿਬ ਦੇ ਪ੍ਰਚਾਰਕ ਭਾਈ ਪੁਸ਼ਪਿੰਦਰ ਸਿੰਘ ਨਾਲ ਧੱਕਾ ਕੀਤੇ ਜਾਣ ਦਾ ਮਾਮਲਾ ਸਾਮਣੇ ਆਇਆ ਹੈ।

ਗੁਰਦੁਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਵਿਖੇ ਪ੍ਰਚਾਰਕ ਦੀ ਸੇਵਾ ਨਿਭਾ ਰਹੇ ਭਾਈ ਨਰਿੰਦਰ ਸਿੰਘ ਦੀ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵਿਚ ਬਤੌਰ ਪ੍ਰਚਾਰਕ ਲੱਗ ਜਾਣ ਤੋਂ ਬਾਅਦ ਉਸ ਖ਼ਾਲੀ ਪਈ ਅਸਾਮੀ ਲਈ ਭਾਈ ਪੁਸ਼ਪਿੰਦਰ ਸਿੰਘ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੀ ਕਮੇਟੀ ਨੇ ਬਤੌਰ ਪ੍ਰਚਾਰਕ ਨਿਯੁਕਤ ਕੀਤਾ ਸੀ। ਇਸ ਨਾਲ ਹੀ ਭਾਈ ਪੁਸ਼ਪਿੰਦਰ ਸਿੰਘ ਦੀ ਹਰ ਮਹੀਨੇ ਦੀ ਤਨਖ਼ਾਹ ਜੋ ਕਿ ਪ੍ਰਬੰਧਕਾਂ ਵਲੋਂ ਹਰ ਮਹੀਨੇ ਚੈੱਕ ਰਾਹੀ ਉਸ ਦੇ ਅਕਾਊਂਟ ਵਿਚ ਪਾਈ ਜਾਂਦੀ ਰਹੀ।

ਇਸੀ ਦੌਰਾਨ ਪ੍ਰਚਾਰਕ ਪੁਸ਼ਪਿੰਦਰ ਸਿੰਘ ਨੇ ਪ੍ਰਚਾਰ ਦੌਰੇ ਲਈ ਗੁਰਦਵਾਰਾ ਕਮੇਟੀ ਕੋਲੋਂ ਢਾਈ ਮਹੀਨੇ ਦੀ ਛੁੱਟੀ ਲੈ ਲਈ ਅਤੇ ਉਸ ਨੇ ਅਪਣੀ ਥਾਂ ਰੋਜ਼ਾਨਾ ਕਥਾ ਕਰਨ ਲਈ ਅਪਣੇ ਇਕ ਸਾਥੀ ਪ੍ਰਚਾਰਕ ਲਵਪ੍ਰੀਤ ਸਿੰਘ ਨੂੰ ਡਿਊਟੀ 'ਤੇ ਰਖਵਾ ਦਿਤਾ। ਇਸੀ ਦੌਰਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਵਲੋਂ ਪੁਰਾਣੀ ਗੁਰਦੁਆਰਾ ਕਮੇਟੀ ਜਿਸ ਦੇ ਪ੍ਰਧਾਨ ਜਗਪਾਲ ਸਿੰਘ ਅਤੇ ਸਕੱਤਰ ਗੁਰਮੀਤ ਸਿੰਘ ਨੂੰ ਬਦਲ ਕੇ ਨਵੀਂ ਕਮੇਟੀ ਸਥਾਪਤ ਕਰ ਦਿਤੀ ਜਿਸ ਦੇ ਪ੍ਰਧਾਨ ਰਾਜਿੰਦਰ ਸਿੰਘ ਅਤੇ ਸਕੱਤਰ ਮਹਿੰਦਰ ਸਿੰਘ ਦਰਦੀ ਨੂੰ ਨਿਯੁਕਤ ਕਰ ਦਿਤਾ।

ਨਵੀਂ ਕਮੇਟੀ ਨੇ ਆਉਂਦਿਆਂ ਹੀ ਛੁੱਟੀ 'ਤੇ ਗਏ ਪੁਸ਼ਪਿੰਦਰ ਸਿੰਘ ਦੀ ਤਨਖ਼ਾਹ ਘਟਾ ਦਿਤੀ। ਗੁਰਦੁਆਰਾ ਕਮੇਟੀ ਨੇ ਇਥੇ ਹੀ ਬਸ ਨਹੀਂ ਕੀਤੀ, ਜਦੋਂ ਪ੍ਰਚਾਰਕ ਪੁਸ਼ਪਿੰਦਰ ਸਿੰਘ ਗੁਰਦੁਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੇ ਪ੍ਰਧਾਨ ਰਾਜਿੰਦਰ ਸਿੰਘ ਅਤੇ ਮੈਂਬਰ ਮਨਜੀਤ ਸਿੰਘ ਰਾਕੀ ਨੂੰ ਮਿਲ ਕੇ ਨੌਕਰੀ ਦੀ ਬਹਾਲੀ ਲਈ ਗੱਲ ਕਰਨ ਲਈ ਗਿਆ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਪ੍ਰਚਾਰਕ ਨੂੰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (ਜੰਮੂ) ਤੋਂ ਆਰਡਰ ਲੈ ਕੇ ਆਉਣ ਦੀ ਗੱਲ ਕਹੀ।

ਇਸ ਸਬੰਧੀ ਪ੍ਰਚਾਰਕ ਭਾਈ ਪੁਸ਼ਪਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਸਟੇਟ ਗੁਰਦੁਆਰਾ ਬੋਰਡ ਦੇ ਚੇਅਰਮੈਨ ਤਰਲੋਚਨ ਸਿੰਘ ਵਜ਼ੀਰ, ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਫ਼ਤਿਹ ਸਿੰਘ, ਮੈਂਬਰ ਮਨਮੋਹਨ ਸਿੰਘ ਨਾਲ ਮੋਬਾਇਲ ਰਾਹੀਂ ਅਪਣੀ ਨੌਕਰੀ ਦੀ ਬਹਾਲੀ ਲਈ ਗੱਲਬਾਤ ਕੀਤੀ ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਅੰਤ ਉਹ ਨਰਿੰਦਰ ਸਿੰਘ ਚੱਠਾ ਨੂੰ ਨਾਲ ਲੈ ਕੇ ਤਰਲੋਚਨ ਸਿੰਘ ਵਜ਼ੀਰ ਨੂੰ ਮਿਲੇ ਪਰ ਕੋਈ ਲਾਭ ਨਹੀਂ ਹੋਇਆ। ਉਧਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਫ਼ਤਿਹ ਸਿੰਘ ਨੇ ਦਸਿਆ ਕਿ ਪ੍ਰਚਾਰਕ ਪੁਸ਼ਪਿੰਦਰ ਸਿੰਘ ਨੂੰ ਉਸ ਸਮੇਂ ਦੀ ਸਥਾਨਕ ਗੁਰਦੁਆਰਾ ਕਮੇਟੀ ਨੇ ਰੱਖਿਆ ਸੀ।

ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ  ਕਮੇਟੀ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ ਜੇਕਰ ਸਥਾਨਕ ਕਮੇਟੀ ਨੇ ਕਿਸੇ ਨੂੰ ਰੱਖਣਾ ਵੀ ਹੋਵੇ ਤਾਂ ਉਹ ਪੱਤਰ ਰਾਹੀਂ ਜ਼ਿਲ੍ਹਾ ਕਮੇਟੀ ਨੂੰ ਦੱਸਦੀ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਨਾ ਹੀ ਪ੍ਰਚਾਰਕ ਪੁਸ਼ਪਿੰਦਰ ਸਿੰਘ ਨੂੰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਨਿਯੁਕਤੀ ਪੱਤਰ ਦਿਤਾ ਸੀ। ਉਨ੍ਹਾਂ ਕਿਹਾ ਕਿ ਸੰਗਤ ਹੈ ਹੀ ਨਹੀਂ ਕਿਸੇ ਗੁਰਦਵਆਰੇ ਐਂਵੇ ਫ਼ਾਇਦਾ ਨਹੀਂ ਕਥਾ ਕਰਨ ਦਾ। ਸਾਬਕਾ ਸਥਾਨਕ ਕਮੇਟੀ ਦੇ ਪ੍ਰਧਾਨ ਜਗਪਾਲ ਸਿੰਘ ਅਤੇ  ਸਕੱਤਰ ਗੁਰਮੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਕਮੇਟੀ ਨੂੰ ਪ੍ਰਚਾਰਕ ਪੁਸ਼ਪਿੰਦਰ ਸਿੰਘ ਬਾਰੇ ਲਿਖਤੀ ਰੂਪ ਵਿਚ ਦਿਤਾ ਗਿਆ ਸੀ ਅਤੇ ਸਥਾਨਕ ਕਮੇਟੀ ਉਸ ਨੂੰ ਚੈੱਕ ਰਹੀ ਤਨਖ਼ਾਹ ਵੀ ਦੇਂਦੀ ਰਹੀ ਹੈ ਪਰ ਸਿੱਖੀ ਦੀ ਗੱਲ ਕਰਨ ਵਾਲੇ ਪ੍ਰਚਾਰਕ ਪ੍ਰਬੰਧਕਾਂ ਨੂੰ ਰਾਸ ਨਹੀ ਆਉਂਦੇ।
 

ਕੀ ਕਹਿੰਦੇ ਹਨ ਭਾਈ ਪੁਸ਼ਪਿੰਦਰ ਸਿੰਘ

ਸਾਧ ਸੰਗਤ ਜੀ ! ਹੁਣ ਤੁਸੀਂ ਦੱਸੋ,''ਮੈਂ ਕੀ ਕਰਾਂ, ਮੇਰੇ ਕੋਲੋਂ ਗੁਰਦਵਾਰਾ ਸਾਹਿਬ ਦੀ ਰਿਹਾਇਸ਼ ਵੀ ਖ਼ਾਲੀ ਕਰਵਾ ਲਈ ਗਈ, ਮੈਂ ਹੁਣ ਕਿਸ ਕੋਲ ਜਾ ਕੇ ਅਪਣੇ ਲਈ ਇਨਸਾਫ਼ ਮੰਗਾ ਕਿਉਂਕਿ ਜੋ ਅਪਣੇ ਸਨ ਉਨ੍ਹਾਂ ਨੇ ਤਾਂ ਮਨਾ ਕਰ ਦਿਤਾ, ਗੁਰੂ ਦੀ ਗੱਲ ਕਰਨ ਵਾਲੇ, ਨਸ਼ਿਆਂ ਵਿਰੁਧ ਬੋਲਣ ਵਾਲੇ ਪ੍ਰਚਾਰਕਾਂ, ਰਾਗੀਆਂ ਅਤੇ ਗ੍ਰੰਥੀਆਂ ਨੂੰ ਇਸ ਤਰ੍ਹਾਂ ਕਿਉਂ ਜ਼ਲੀਲ ਕੀਤਾ ਜਾਂਦਾ ਹੈ।'' ਸਾਧ ਸੰਗਤ ਜੀ ਹੁਣ ਮੇਰੀ ਆਪ ਜੀ ਪ੍ਰਤੀ ਬੇਨਤੀ ਹੈ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ। ਛੁੱਟੀ ਲੈਣਾ ਮੇਰਾ ਹੱਕ ਹੈ। ਲੋਕਲ ਕਮੇਟੀ ਅਤੇ ਡਿਸਟ੍ਰਿਕਟ ਗੁ: ਪ੍ਰਬੰਧਕ ਕਮੇਟੀ, ਗੁਰਦੁਆਰਾ ਬੋਰਡ ਇਸ ਦਾ ਬਹਾਨਾ ਬਣਾ ਕੇ ਅਤੇ ਮੇਰੀ ਤਨਖ਼ਾਹ ਨਾ ਦੇ ਸਕਣ ਦੀ ਗੱਲ ਕਰ ਕੇ ਮੇਰੇ ਨਾਲ ਧੱਕਾ ਕਰ ਰਹੇ ਹਨ।