ਅਕਾਲੀ ਦਲ ਬਾਦਲ ਲਈ ਅਗਾਮੀ ਸਮਾਂ ਮੁਸ਼ਕਲਾਂ ਅਤੇ ਚੁਨੌਤੀਆਂ ਭਰਪੂਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ 'ਚ ਬਾਦਲਾਂ ਦਾ ਨਾਂਅ ਸਾਹਮਣੇ ਆਉਣ ਦੀ ਚਰਚਾ..............

Parkash Singh Badal

ਕੋਟਕਪੂਰਾ : ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ 'ਚ ਬਾਦਲਾਂ ਦਾ ਨਾਂਅ ਸਾਹਮਣੇ ਆਉਣ ਦੀ ਚਰਚਾ ਅਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਨੇੜਲੇ ਪਿੰਡ ਭਾਣਾ ਵਿਖੇ ਗੁਰਦਵਾਰੇ ਦੇ ਸਪੀਕਰ ਰਾਹੀਂ ਹੋਕਾ ਦੇ ਕੇ ਬਾਦਲ ਦਲ ਦੇ ਕਿਸੇ ਵੀ ਆਗੂ ਦੀ ਪਿੰਡ 'ਚ ਦਾਖ਼ਲੇ ਦੀ ਸਖ਼ਤ ਮਨਾਹੀ ਕੀਤੀ ਗਈ ਹੈ ਤੇ ਕਾਂਗਰਸ ਅਤੇ 'ਆਪ' ਵਰਕਰਾਂ ਵਲੋਂ ਫੇਸਬੁੱਕ 'ਤੇ 'ਸਿੱਖ ਹੋਣ ਦੇ ਨਾਤੇ ਬਾਦਲਾਂ ਦਾ ਬਾਈਕਾਟ' ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ,

'ਆਪ' ਪੰਜਾਬ ਦੇ ਫ਼ੇਸਬੁਕ ਪੇਜ 'ਤੇ ਕਾਰਟੂਨਾਂ ਦੀ ਸ਼ਕਲ ਵਿਚ ਪੱਗ ਬੰਨ੍ਹੇ ਹੋਏ ਜਨਰਲ ਡਾਇਰ ਦੀ ਇਕ ਵਾਰ ਫਿਰ ਆਮਦ ਵਾਲਾ ਇਕ ਪੋਸਟਰ ਵੀ ਪਾਇਆ ਹੋਇਆ ਹੈ ਜਿਸ ਵਿਚ ਆਮ ਸਿੱਖਾਂ ਨੂੰ ਗੋਲੀਆਂ ਨਾਲ ਜ਼ਖ਼ਮੀ 'ਤੇ ਮ੍ਰਿਤ ਦਿਖਾਇਆ ਗਿਆ ਹੈ, ਵਿਧਾਨ ਸਭਾ ਸੈਸ਼ਨ ਤੋਂ ਬਾਅਦ ਲਗਾਤਾਰ 'ਆਪ', ਲੋਕ ਇਨਸਾਫ਼ ਪਾਰਟੀ ਤੇ ਕਾਂਗਰਸ ਵਰਕਰ ਉਤਸ਼ਾਹ ਨਾਲ ਸੋਸ਼ਲ ਮੀਡੀਏ 'ਤੇ ਅਕਾਲੀ ਦਲ ਬਾਦਲ ਨੂੰ ਘੇਰ ਰਹੇ ਹਨ। ਬਾਦਲ ਦਲ ਲਈ ਅਗਾਮੀ ਸਮਾਂ ਵੀ ਚੁਨੌਤੀਆਂ ਭਰਪੂਰ ਹੋਵੇਗਾ,

ਕਿਉਂਕਿ ਜਿਥੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਬਾਦਲਾਂ ਵਿਰੁਧ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਸਿਲਸਿਲਾ ਜਾਰੀ ਹੈ, ਉੱਥੇ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਬਾਦਲ ਦਲ ਦੀਆਂ ਪੰਜਾਬ 'ਚ ਹੋਣ ਵਾਲੀਆਂ ਅਖੌਤੀ ਪੋਲ ਖੋਲ੍ਹ ਰੈਲੀਆਂ ਦਾ ਵਿਰੋਧ ਕਰਨਗੇ, ਕਿਉਂਕਿ ਜਾਗਦੀ ਜਮੀਰ ਵਾਲੇ ਪੰਜਾਬੀ ਹੁਣ ਬਾਦਲਾਂ ਵਲੋਂ ਝੂਠ ਬੋਲ ਕੇ ਤੋਲੇ ਜਾਂਦੇ ਕੁਫ਼ਰ ਦੀ ਇਜਾਜ਼ਤ ਦੇਣ ਨੂੰ ਤਿਆਰ ਨਹੀਂ।

ਪੰਥਕ ਆਗੂਆਂ ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਭਾਣਾ, ਰੁਪਿੰਦਰ ਸਿੰਘ ਪੰਜਗਰਾਂਈ ਆਦਿ ਨੇ ਐਲਾਨ ਕੀਤਾ ਕਿ ਉਹ ਬਾਦਲਾਂ ਨੂੰ ਹੋਰ ਝੂਠ ਬੋਲਣ ਦੀ ਇਜਾਜ਼ਤ ਨਹੀਂ ਦੇਣਗੇ, ਕਿਉਂਕਿ ਬਾਦਲਾਂ ਨੇ ਲਗਾਤਾਰ 40 ਸਾਲ ਆਮ ਲੋਕਾਂ ਨੂੰ ਪੰਥ ਦੇ ਨਾਂਅ 'ਤੇ ਗੁਮਰਾਹ ਕਰ ਕੇ ਵੋਟਾਂ ਬਟੋਰੀਆਂ ਸਨ। ਹੁਣ ਬਾਦਲਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।