ਡੇਰਾ ਬਿਆਸ ਵਿਰੁਧ ਧਰਨੇ ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਪ੍ਰਸਾਸਨਿਕ ਅਧਿਕਾਰੀ
ਪਿਛਲੇ 21 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ ਕਿਸਾਨ
ਰਈਆ : ਡੇਰਾ ਰਾਧਾਸੁਵਾਮੀ ਬਿਆਸ ਦੇ ਵਿਰੁਧ ਕਿਸਾਨਾਂ ਵਲੋਂ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਬਿਆਸ ਵਿਖੇ ਚੱਲ ਰਹੇ ਧਰਨੇ ਦੇ ਅੱਜ 21 ਵੇਂ ਦਿਨ ਕੁਝ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕਰਨ ਲਈ ਧਰਨਾ ਸਥਾਨ ਤੇ ਪਹੁੰਚੇ। ਇਹਨਾਂ ਅਧਿਕਾਰੀਆਂ ਵਿਚ ਤਹਿਸੀਲ ਦਾਰ ਕਪੂਰਥਲਾ ਮਨਵੀਰ ਸਿੰਘ ਢਿੱਲੋਂ, ਸਤਨਾਮ ਸਿੰਘ ਡੀ.ਐਸ.ਪੀ ਭੁਲੱਥ ਅਤੇ ਐਸ.ਐਚ.ਉ ਥਾਣਾ ਢਿਲਵਾਂ ਸਾਮਲ ਸਨ। ਭਾਈ ਬਲਦੇਵ ਸਿੰਘ ਸਿਰਸਾ ਨਾਲ ਇਹਨਾਂ ਅਧਿਕਾਰੀਆਂ ਨੇ ਉਹਨਾਂ ਮੰਗਾਂ ਬਾਰੇ ਪੂਰੀ ਤਫਸੀਲ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਿੰਨਾਂ ਕਰ ਕੇ ਕਿਸਾਨ ਪਿਛਲੇ 21 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ।
ਗੱਲਬਾਤ ਤੋਂ ਬਾਅਦ ਅਧਿਕਾਰੀਆਂ ਨੇ ਦਸਿਆ ਕਿ ਧਰਨਾਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਦੀ ਰੀਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਏਗੀ। ਇਹਨਾਂ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਭਾਈ ਸਿਰਸਾ ਨੇ ਪੱਤਰਕਾਰਾਂ ਨੂੰ ਇਹਨਾਂ ਅਧਿਕਾਰੀਆਂ ਨਾਲ ਹੋਈ ਗੱਲਬਾਤ ਨੂੰ ਮਹਿਜ ਇਕ ਖਾਨਾਪੂਰਤੀ ਦੀ ਕਾਰਵਾਈ ਦੱਸਦਿਆਂ ਕਿਹਾ ਕਿ ਗੱਲਬਾਤ ਕਰਨ ਲਈ ਆਏ ਤਹਿਸੀਲਦਾਰ ਮਨਵੀਰ ਸਿੰਘ ਕਪੂਰਥਲਾ ਉਹੋ ਹੀ ਅਧਿਕਾਰੀ ਹਨ ਜਿਹੜੇ ਡੇਰੇ ਵਾਲਿਆਂ ਨਾਲ 20-7-2019 ਨੂੰ ਕਿਸਾਨਾਂ ਦੀ ਜਮੀਨ ਜਿਹੜੀ ਡੇਰੇ ਦੇ ਕਬਜੇ ਹੇਠ ਹੈ ਦੀ ਨਿਸ਼ਾਨਦੇਹੀ ਕਰਵਾਉਣ ਦਾ ਲਿਖਤੀ ਫ਼ੈਸਲਾ ਕਰ ਕੇ ਗਏ ਸਨ ਜਿਸ ਤੋਂ ਬਾਅਦ ਵਿਚ ਡੇਰੇ ਵਾਲੇ ਮੁੱਕਰ ਗਏ ਸਨ ਜਿਸ ਕਾਰਨ ਮਜਬੂਰੀ ਵੱਸ ਸਾਨੂੰ ਧਰਨਾਂ ਲਗਾਉਣਾ ਪਿਆ ਸੀ।
ਭਾਈ ਸਿਰਸਾ ਨੇ ਕਿਹਾ ਕਿ ਡੀ.ਐਸ.ਪੀ ਭੁਲੱਥ ਵਲੋਂ ਗੱਲਬਾਤ ਦੌਰਾਨ ਧਰਨੇ ਨਾਲ ਸਬੰਧਿਤ ਮੁੱਦਿਆਂ ਤੋਂ ਹਟ ਕੇ ਜਿਹੜੇ ਸਵਾਲ ਮੇਰੀ ਪਿਛਲੀ ਨਿੱਜੀ ਜਿੰਦਗੀ ਦੇ ਬਾਰੇ ਪੁੱਛੇ ਜਾ ਰਹੇ ਸਨ ਉਸ ਤੋਂ ਮੈਨੂੰ ਖਦਸ਼ਾ ਹੈ ਕਿ ਇਹ ਮੇਰੇ ਪੁਰਾਣੇ ਸਮੇਂ ਦਾ ਕੋਈ ਮਸਲਾ ਕੱਢ ਕੇ ਮੇਰੇ ਵਿਰੁਧ ਕੋਈ ਝੂਠਾ ਪਰਚਾ ਦਰਜ ਕਰ ਕੇ ਮੈਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਸਕਦੇ ਹਨ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਧਰਨਾ ਖ਼ਤਮ ਕਰਵਾਇਆ ਜਾਵੇ ਉਹਨਾਂ ਚਿਤਾਵਨੀ ਦਿਤੀ ਕਿ ਸਰਕਾਰ ਮੇਰੇ ਵਿਰੁਧ ਜੋ ਮਰਜੀ ਸਾਜਿਸ਼ਾਂ ਘੜ ਲਵੇ ,ਮੇਰੇ ਉਪਰ ਕੇਸ ਪਾ ਕੇ ਜੇਲ ਵਿਚ ਡੱਕ ਦੇਵੇ ਪਰ ਮੈਨੂੰ ਮੇਰੇ ਨਿਸ਼ਾਨੇ ਤੋਂ ਥਿੜਕਾ ਨਹੀ ਸਕਦੇ ਚਾਹੇ ਮੇਰੀ ਜਾਨ ਵੀ ਚਲੀ ਜਾਵੇ।