ਸਾਕਿਆਂ ਦੀਆਂ ਨਿਸ਼ਾਨੀਆਂ ਨੂੰ ਮੁਰੰਮਤ ਦੇ ਨਾਂ 'ਤੇ ਖ਼ਤਮ ਕਰਨ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਬਕਾ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੀ ਦੇਖ ਰੇਖ ਵਿਚ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ

1984 Darbar Sahib

ਅੰਮ੍ਰਿਤਸਰ : ਸਿੱਖਾਂ ਤੇ ਹੋਏ ਜੁਲਮਾਂ ਦੀ ਦਾਸਤਾਂ ਸੁਣਾਉਣ ਵਾਲੇ ਸਾਲ 1921 ਦੇ ਸਾਕੇ ਦੇ ਚਸ਼ਮਦੀਦ ਗਵਾਹ ਸ੍ਰੀ ਨਨਕਾਣਾ ਸਾਹਿਬ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਜੂਨ 1984 ਦੇ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸਰੂਪ ਜਲਦ ਹੀ ਇਤਿਹਾਸ ਦਾ ਹਿੱਸਾ ਬਣ ਜਾਣਗੇ। ਸਾਲ 1921 ਵਿਚ ਵਾਪਰੇ ਸ੍ਰੀ ਨਨਕਾਣਾ ਸਾਹਿਬ ਸਾਕੇ ਦੀ ਯਾਦ ਅਤੇ ਜੂਨ 1984 ਦੇ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜ਼ਖ਼ਮੀ ਸਰੂਪ ਨੂੰ ਮੁਰਮੰਤ ਦੇ ਨਾਮ ਤੇ ਠੀਕ ਕਰ ਕੇ ਇਨ੍ਹਾਂ ਸਾਕਿਆਂ ਦੀਆਂ ਨਿਸ਼ਾਨੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। 

ਇਹ ਕੋਸ਼ਿਸ਼ਾਂ ਕਿਧਰੇ ਹੋਰ ਨਹੀਂ ਬਲਕਿ ਅਕਾਲ ਤਖ਼ਤ ਦੀ ਉਪਰੀ ਮਜ਼ੰਲ ਤੇ ਅਕਾਲ ਤਖ਼ਤ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੀ ਦੇਖ ਰੇਖ ਵਿਚ ਕੀਤੀਆਂ ਜਾ ਰਹੀਆਂ ਹਨ। ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਦੌਰਾਨ ਦੋਹਾਂ ਸਰੂਪਾਂ ਨੂੰ ਗੋਲੀਆਂ ਲਗੀਆਂ ਸਨ ਤੇ ਹਰ ਸਾਲ 20 ਫ਼ਰਵਰੀ ਨੂੰ ਸ਼੍ਰੋਮਣੀ ਕਮੇਟੀ ਇਸ ਸਰੂਪ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਪ੍ਰਕਾਸ਼ ਕਰ ਕੇ ਮਹੰਤ ਨਰੈਣ ਦਾਸ ਦੇ ਕਾਲੇ ਕਾਰਨਾਮੇ ਵਿਖਾ ਕੇ ਸਿੱਖ ਬਚਿਆਂ ਨੂੰ ਧਰਮ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਸੀ। 

ਇਨਾ ਸਰੂਪਾਂ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਪਿਛਲੇ ਕਾਫ਼ੀ ਸਮੇ ਤੋਂ ਯਤਨਸ਼ੀਲ ਹਨ। ਭਾਈ ਗੁਰਮੁਖ ਸਿੰਘ ਅਨੁਸਾਰ ''ਸਤਿਗੁਰੂ ਜੀ ਦੇ ਸਰੂਪ ਪਿਛਲੇ ਕਾਫ਼ੀ ਸਮੇਂ ਤੋਂ ਜਖ਼ਮੀ ਹਾਲਤ ਵਿਚ ਸਨ ਜਿਸ ਕਾਰਨ ਮਨਾਂ ਵਿਚ ਵੇਦਨਾ ਪੈਦਾ ਹੁੰਦੀ ਹੈ''। ਭਾਈ ਗੁਰਮੁਖ ਸਿੰਘ ਨੇ ਸਰੂਪ ਮੁਰਮੰਤ ਕਰਨ ਲਈ ਸਾਲ 2014 ਵਿਚ ਕੰਮ ਸ਼ੁਰੂ ਕਰਵਾਇਆ ਸੀ। ਇਨ੍ਹਾਂ ਸਰੂਪਾਂ ਦੀ ਮੁਰਮੰਤ ਤੇ ਕਰੀਬ 8 ਲੱਖ ਰੁਪਏ ਖ਼ਰਚ ਹੋਣੇ ਸਨ ਤੇ ਇਹ ਸਾਰਾ ਕੰਮ ਇਕ ਸਾਲ ਵਿਚ ਪੂਰਾ ਹੋ ਜਾਣਾ ਸੀ ਪਰ ਅੱਜ 5 ਸਾਲ ਬੀਤ ਜਾਣ ਅਤੇ 80 ਲੱਖ ਰੁਪਏ ਖ਼ਰਚ ਹੋ ਜਾਣ ਦੇ ਬਾਵਜੂਦ ਇਨ੍ਹਾਂ ਸਰੂਪਾਂ ਦਾ ਕੰਮ ਬਾਦਸਤੂਰ ਜਾਰੀ ਹੈ।

ਇਹ ਸਾਰੀ ਸੇਵਾ ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਬਲਵਿੰਦਰ ਸਿੰਘ ਲੰਗਰ ਸਾਹਿਬ ਵਾਲਿਆਂ ਨੂੰ ਸੌਂਪੀ ਸੀ ਪਰ ਬਾਬੇ ਵੀ ਹੱਥ ਖੜੇ ਕਰ ਗਏ। ਇਹ ਸਰੂਪ ਕਦੋਂ ਤਕ ਮੁਰੰਮਤ ਹੋ ਜਾਣਗੇ, ਇਸ ਬਾਰੇ ਭਾਈ ਗੁਰਮੁਖ ਸਿੰਘ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਹਨ। ਨਵੀਂ ਜਾਣਕਾਰੀ ਮੁਤਾਬਕ ਭਾਈ ਗੁਰਮੁਖ ਸਿੰਘ ਨੇ ਕੰਮ ਕਰ ਰਹੇ ਸਾਰੇ ਕਾਰੀਗਰਾਂ ਦੀ ਤਨਖ਼ਾਹ ਸ਼੍ਰੋਮਣੀ ਕਮੇਟੀ ਤੋਂ ਦਿਵਾ ਦਿਤੀ ਹੈ। ਇਸ ਮਾਮਲੇ ਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਭਾਈ ਗੁਰਮੁਖ ਸਿੰਘ ਨਾਲ ਗੱਲ ਕਰ ਕੇ ਇਹ ਸਾਰਾ ਕੰਮ 30 ਅਪ੍ਰੈਲ ਤਕ ਖ਼ਤਮ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਜਥੇਦਾਰ ਦੇ ਆਦੇਸ਼ਾਂ ਦੀ ਪਰਵਾਹ ਹੀ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਜੇਕਰ ਕਿਸੇ ਸਿੱਖ ਨੇ ਇਨਾ ਸਰੂਪਾਂ ਦੇ ਚਲ ਰਹੇ ਕੰਮ ਦੇ ਦਰਸ਼ਨ ਕਰਨੇ ਹੋਣ ਤਾਂ ਭਾਈ ਗੁਰਮੁਖ ਸਿੰਘ ਉਸ ਸਿੱਖ ਤੇ ਸਖ਼ਤ ਜਾਬਤਾ ਲਾਗੂ ਕਰਦੇ ਹਨ ਜਿਸ ਵਿਚ ਸਣੇ ਕੇਸੀ ਇਸ਼ਨਾਨ ਅਤੇ ਨਵੇਂ ਕਪੜੇ ਪਾਏ ਜਾਣ ਜਹੀਆਂ ਸ਼ਰਤਾਂ ਲਾਗੂ ਕਰਦੇ ਹਨ ਜਦਕਿ ਚਹੇਤੇ ਰਾਜਨੀਤਕਾਂ ਨੂੰ ਦਰਸ਼ਨ ਕਰਵਾਉਣ ਸਮੇਂ ਸਾਰੇ ਨਿਯਮ ਛਿੱਕੇ ਟੰਗ ਦਿਤੇ ਜਾਂਦੇ ਹਨ।