ਲੰਗਰ 'ਤੇ ਟੈਕਸ ਮਾਫ਼ ਕਰਨਾ ਕੌਮ ਨਾਲ ਧੋਖਾ: ਰਾਜਾਸਾਂਸੀ
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਹੈ ਕਿ ਜੋ ਕੇਂਦਰ ਸਰਕਾਰ ਵਲੋਂ ਗੁਰੂ-ਘਰਾਂ ਲਈ ਲੰਗਰ ਦੇ ਸਾਮਾਨ 'ਤੇ ਜੀਐਸਟੀ ਮਾਫ਼...
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਹੈ ਕਿ ਜੋ ਕੇਂਦਰ ਸਰਕਾਰ ਵਲੋਂ ਗੁਰੂ-ਘਰਾਂ ਲਈ ਲੰਗਰ ਦੇ ਸਾਮਾਨ 'ਤੇ ਜੀਐਸਟੀ ਮਾਫ਼ ਕਰਨ ਦਾ ਫ਼ੈਸਲਾ ਗੁਰੂ ਸਿਧਾਂਤਾਂ ਵਿਰੁਧ ਹੈ ਅਤੇ ਸਿੱਖ ਕੌਮ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਅਪਣੀ ਅਧਿਆਤਮਕ ਦ੍ਰਿਸ਼ਟੀ ਤੋਂ ਵੀਹ ਰੁਪਏ ਦਾ ਸੱਚਾ ਸੌਦਾ ਕੀਤਾ ਅਤੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਦੂਜੇ ਪਾਤਸ਼ਾਹ ਦੇ ਸਮੇਂ ਮਾਤਾ ਖੀਵੀ ਜੀ ਨੇ ਲੰਗਰ ਪ੍ਰਥਾ ਕਾਇਮ ਰੱਖੀ,
ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਅਕਬਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਪਣੇ ਲੌਅ ਲਸ਼ਕਰ ਨਾਲ ਪੁੱਜਾ ਸੀ ਅਤੇ ਸੰਗਤ ਨੂੰ ਲੰਗਰ ਛਕਦਿਆਂ ਵੇਖ ਅਪਣੀ ਹਉਮੈ ਵਿਚ ਲੰਗਰ ਸਰਕਾਰੀ ਗ੍ਰਾਂਟ ਰਾਹੀਂ ਚਲਾਉਣ ਦੀ ਇੱਛਾ ਪ੍ਰਗਟਾਈ ਪਰ ਗੁਰੂ ਸਾਹਿਬ ਨੇ ਸੰਗਤ ਦੇ ਸਹਿਯੋਗ ਨਾਲ ਹੀ ਲੰਗਰ ਦੀ ਸੇਵਾ ਕਰਨ ਦਾ ਫ਼ੈਸਲਾ ਸੁਣਾਇਆ।
ਉਨ੍ਹਾਂ ਕਿਹਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਹਨ ਕਿ ਕੇਂਦਰ ਸਰਕਾਰ ਜੇ ਗੁਰੂ ਕੇ ਲੰਗਰ ਦੇ ਸਾਮਾਨ 'ਤੇ ਖ਼ਰੀਦ ਕਰਨ ਸਮੇਂ ਟੈਕਸ ਨਹੀਂ ਲਗਾਉਂਦੀ ਤਾਂ ਸਰਕਾਰ ਦਾ ਅਪਣਾ ਫ਼ੈਸਲਾ ਹੈ ਪਰ ਲੰਗਰ ਲਈ ਸਰਕਾਰੀ ਗ੍ਰਾਂਟ ਕਿਸੇ ਕੀਮਤ ਵੀ ਪ੍ਰਵਾਨ ਨਹੀਂ ਕਰਨੀ ਚਾਹੀਦੀ। ਮੁਗਲਾਂ ਸਮੇਂ ਧਾਰਮਕ ਸਥਾਨਾਂ ਦੇ ਦਰਸ਼ਨਾਂ ਸਮੇਂ ਸਵਾਰੀ ਟੈਕਸ ਵਸੂਲ ਕੀਤਾ ਜਾਂਦਾ ਸੀ ਜੋ ਅਕਬਰ ਬਾਦਸ਼ਾਹ ਨੇ ਖ਼ਤਮ ਕੀਤਾ ਸੀ। ਸਾਨੂੰ ਵੀ ਗੁਰੂ ਸਿਧਾਂਤਾਂ 'ਤੇ ਕਾਇਮ ਰਹਿਣਾ ਚਾਹੀਦਾ ਹੈ।