ਦਿੱਲੀ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਦੀ ਜਾਂਚ ਲਈ 5 ਮਹੀਨੇ ਬਾਅਦ ਵੀ ਕਮੇਟੀ ਕਿਉਂ ਨਹੀਂ ਬਣਾਈ ਗਈ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਪਣੇ ਵਾਅਦਿਆਂ ਨੂੰ ਕਦੋਂ ਪੂਰਾ ਕਰਨਗੇ ਗਿਆਨੀ ਹਰਪ੍ਰੀਤ ਸਿੰਘ?  

Giani Harpreet Singh and Paramjit Sarna

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਬਾਰੇ ਪੜਤਾਲੀਆ ਕਮੇਟੀ ਬਣਾਉਣ ਬਾਰੇ ਧਾਰੀ ਚੁੱਪ 'ਤੇ ਸਵਾਲ ਖੜੇ ਕੀਤੇ ਹਨ।

ਉਨ੍ਹਾਂ ਕਿਹਾ,“ਅੱਜ ਪੰਜ ਮਹੀਨੇ ਬੀਤ ਚੁਕੇ ਹਨ, ਪਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਪਣੇ ਕੀਤੇ ਵਾਅਦੇ ਮੁਤਾਬਕ ਅਜੇ ਤਕ ਦਿੱਲੀ ਕਮੇਟੀ ਦੇ ਭ੍ਰਿਸ਼ਟਾਚਾਰ ਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦੀ ਪੜਤਾਲ ਵਾਸਤੇ ਕਮੇਟੀ ਹੀ ਨਹੀਂ ਐਲਾਨੀ ਗਈ, ਜਦੋਂ ਕਿ ਅਕਾਲ ਤਖ਼ਤ 'ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਤੇ ਮੌਜੂਦਾ ਪ੍ਰਧਾਨ ਦਾ ਪੱਖ ਸੁਣਨ ਪਿਛੋਂ ਉਨ੍ਹਾਂ ਸਾਰਿਆਂ ਨੂੰ ਭਰੋਸਾ ਦਿਤਾ ਸੀ ਕਿ ਕਮੇਟੀ ਬਣਾ ਕੇ, ਕਮੇਟੀ ਦੇ 15 ਸਾਲਾਂ ਦੇ ਰੀਕਾਰਡ ਦੀ ਘੋਖ ਕਰ ਕੇ, ਦੋ ਮਹੀਨਿਆਂ ਵਿਚ ਪੂਰੇ ਮਸਲੇ ਦੀ ਪੜਤਾਲ ਕਰ ਕੇ 'ਸੱਚ' ਸਾਹਮਣੇ ਲਿਆਂਦਾ ਜਾਵੇਗਾ।

ਪਰ ਹੈਰਾਨੀ ਹੈ ਕਿ 'ਜਥੇਦਾਰ' ਅਪਣੇ ਵਾਅਦੇ 'ਤੇ ਪੂਰੇ ਨਹੀਂ ਉਤਰੇ।  ਚੀਫ਼ ਖ਼ਾਲਸਾ ਦੀਵਾਨ ਦੇ ਮਸਲੇ 'ਤੇ ਟਿਪਣੀ ਕਰਦਿਆਂ ਸ.ਸਰਨਾ ਨੇ ਕਿਹਾ,  ਭਾਵੇਂ ਜਥੇਦਾਰ ਹਰਪ੍ਰੀਤ ਸਿੰਘ ਚੀਫ਼ ਖ਼ਾਲਸਾ ਦੀਵਾਨ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਅਖੌਤੀ ਪਤਿਤ ਮੈਂਬਰਾਂ ਬਾਰੇ ਜੋ ਮਰਜ਼ੀ ਜਾਣਕਾਰੀ ਹਾਸਲ ਕਰਦੇ ਰਹਿਣ, ਪਰ ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਭ੍ਰਿਸ਼ਟਾਚਾਰ ਬਾਰੇ ਕੀਤੇ ਅਪਣੇ ਫ਼ੈਸਲੇ 'ਤੇ ਤਾਂ 'ਜਥੇਦਾਰ' ਪੂਰੇ ਉਤਰਨ।

ਉਨ੍ਹਾਂ ਕਿਹਾ ਕਿ ਜਦੋਂ ਵੀ ਇਸ ਬਾਰੇ 'ਜਥੇਦਾਰ' ਨੂੰ ਬੇਨਤੀ ਕਰੋ, ਤਾਂ ਉਨ੍ਹਾਂ ਦਾ ਇਹੀ ਜਵਾਬ ਹੁੰਦਾ ਹੈ ਕਿ ਕਮੇਟੀ ਬਣਾ ਦਿਤੀ ਹੈ, ਸਿਰਫ਼ ਐਲਾਨ ਹੋਣਾ ਬਾਕੀ ਹੈ, ਸਮਝ ਨਹੀਂ ਆਉਂਦੀ 'ਜਥੇਦਾਰ' ਕਿਸ ਗੱਲ ਦੀ ਉਡੀਕ ਕਰ ਰਹੇ ਹਨ। 'ਜਥੇਦਾਰ' ਨੂੰ ਤਾਂ ਅਕਾਲ ਤਖ਼ਤ ਸਾਹਿਬ ਸਣੇ ਅਪਣੇ ਅਹੁਦੇ ਦੇ ਵਕਾਰ ਨੂੰ ਕਾਇਮ ਰੱਖਣ ਲਈ ਅਪਣੇ ਕੀਤੇ ਫ਼ੈਸਲਿਆਂ/ਵਾਅਦਿਆਂ ਨੂੰ ਪੂਰੀ ਵਾਹ ਲਾ ਕੇ ਪੂਰਾ ਕਰਨਾ ਚਾਹੀਦਾ ਹੈ, ਪਰ 'ਜਥੇਦਾਰ' ਦੀ ਹੁਣ ਤਕ ਦੀ ਕਾਰਜਸ਼ੈਲੀ ਤੋਂ ਇਹੀ ਸਿੱਧ ਹੁੰਦਾ ਹੈ ਕਿ ਉਹ ਐਲਾਨਾਂ ਤਕ ਸੀਮਤ ਹੋ ਕੇ ਰਹਿ ਗਏ ਹਨ।