ਕਰਤਾਰਪੁਰ ਲਾਂਘੇ ਲਈ ਇਮਰਾਨ ਦਾ ਰੁਖ਼ ਅਜੇ ਵੀ ਸਾਕਾਰਾਤਮਕ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੁਲ੍ਹ ਜਾਵੇਗਾ ਲਾਂਘਾ
ਲਾਹੌਰ, 23 ਅਗੱਸਤ: ਭਾਵੇਂ ਇਸ ਵੇਲੇ ਧਾਰਾ 370 ਕਾਰਨ ਪਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਸੁਖਾਵੇਂ ਨਹੀਂ ਹਨ ਤੇ ਸਰਹੱਦਾਂ 'ਤੇ ਵੀ ਤਣਾਅ ਬਰਕਰਾਰ ਹੈ ਪਰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਰਤਾਰਪੁਰ ਲਾਂਘੇ ਲਈ ਫਿਰ ਰੁਖ਼ ਸਾਕਾਰਾਤਮਕ ਹੈ। ਭਾਵੇਂ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਬਿਆਨ ਦਿਤਾ ਸੀ ਕਿ ਹੁਣ ਉਨ੍ਹਾਂ ਦੇ ਦੇਸ਼ ਦੀ ਭਾਰਤ ਨਾਲ ਗੱਲਬਾਤ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਉਨ੍ਹਾਂ ਹੁਣ ਤਕ ਦੁਵੱਲੀ ਗੱਲਬਾਤ ਦੀਆਂ ਜਿੰਨੇ ਵੀ ਸੱਦੇ ਦਿਤੇ ਹਨ, ਅੱਗਿਉਂ ਉਨ੍ਹਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਫਿਰ ਵੀ ਪਾਕਿਸਤਾਨ ਦੀ ਕਰਤਾਰਪੁਰ ਲਾਂਘੇ ਅਤੇ ਨਾਨਕ ਨਾਮਲੇਵਾ ਸੰਗਤ ਪ੍ਰਤੀ ਨੀਤੀ ਨਰਮ ਹੈ।
ਪਾਕਿਸਤਾਨ ਨੇ ਹੁਣ ਇਹ ਆਖਿਆ ਹੈ ਕਿ ਸਿੱਖ ਤੀਰਥ-ਯਾਤਰੀਆਂ ਲਈ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਆਉਂਦੇ ਨਵੰਬਰ ਮਹੀਨੇ ਤਕ ਵੀਜ਼ਾ-ਮੁਕਤ ਦਰਸ਼ਨਾਂ ਵਾਸਤੇ ਖੋਲ੍ਹ ਦਿਤਾ ਜਾਵੇਗਾ ਕਿਉਂਕਿ ਇਸ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨਵੰਬਰ ਮਹੀਨੇ 'ਚ ਹੀ ਹੋਣਾ ਤੈਅ ਹੈ। ਤਦ ਉਸ ਤੋਂ ਪਹਿਲਾਂ ਹੀ ਇਸ ਨੂੰ ਖੋਲ੍ਹਣ ਦੀ ਗੱਲ ਹੁਣ ਪਾਕਿਸਤਾਨ ਨੇ ਦੁਹਰਾਈ ਹੈ।
ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਧਿਕਾਰਤ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਸ ਸਬੰਧੀ ਛੇਤੀ ਹੀ ਇਕ ਮੀਟਿੰਗ ਹੋਵੇਗੀ ਪਰ ਇੰਨਾ ਜ਼ਰੂਰ ਤੈਅ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉਤਸਵਾਂ ਲਈ ਨਵੰਬਰ 'ਚ ਖੁਲ੍ਹ ਜਾਵੇਗਾ। ਫ਼ੈਸਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਪੱਕਾ ਪਤਾ ਨਹੀਂ ਕਿ ਭਾਰਤ ਇਸ ਪ੍ਰਾਜੈਕਟ ਪ੍ਰਤੀ ਵਚਨਬੱਧ ਰਹੇਗਾ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਾਰਨ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ, ਇੰਜ ਕਈ ਲੋਕਾਂ ਦਾ ਸੋਚਣਾ ਹੈ। ਰੇਲ ਅਤੇ ਬੱਸ ਸੇਵਾਵਾਂ ਬੰਦ ਹੋਣ ਨਾਲ ਪਾਕਿਸਤਾਨ ਵਿਚ ਭਾਰਤੀਆਂ ਦੇ ਫਸੇ ਹੋਣ ਦੀਆਂ ਰੀਪੋਰਟਾਂ ਬਾਬਤ ਉਨ੍ਹਾਂ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਪਾਕਿਸਤਾਨ ਵਿਚ ਕੋਈ ਭਾਰਤੀ ਫਸਿਆ ਹੋਇਆ ਹੈ। ਜੇ ਅਜਿਹਾ ਹੈ ਤਾਂ ਉਹ ਉਨ੍ਹਾਂ ਨੂੰ ਵਾਪਸ ਭੇਜਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਾਗਰਿਕ ਵਾਘਾ ਬਾਰਡਰ ਰਾਹੀਂ ਪੈਦਲ ਵਾਪਸ ਜਾ ਸਕਦੇ ਹਨ ਕਿਉਂਕਿ ਬਾਰਡਰ ਖੁਲ੍ਹਾ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਵੀ ਆਖਿਆ ਹੈ ਕਿ ਕਰਤਾਰਪੁਰ ਲਾਂਘਾ ਨਵੰਬਰ 'ਚ ਹਰ ਹਾਲਤ 'ਚ ਖੁਲ੍ਹ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਅਫ਼ਗ਼ਾਨਿਸਤਾਨ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਦੌਰਾਨ ਦਿਤੀ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨਾਲ ਕੂਟਨੀਤਕ ਪੱਧਰ 'ਤੇ ਤਣਾਅ ਹੈ ਪਰ ਸਿੱਖ ਸ਼ਰਧਾਲੂਆਂ ਪ੍ਰਤੀ ਪਾਕਿਸਤਾਨ ਦੀ ਨੀਤੀ ਹਮੇਸ਼ਾ ਦੀ ਤਰ੍ਹਾਂ ਨਰਮ ਰਹੇਗੀ। ਜ਼ਿਕਰਯੋਗ ਹੈ ਕਿ ਇਸ ਲਾਂਘੇ ਦੀ ਮਦਦ ਨਾਲ ਪਾਕਿਸਤਾਨ ਦਾ ਨਾਰੋਵਾਲ ਜ਼ਿਲ੍ਹਾ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਜੁੜ ਜਾਵੇਗਾ।