ਪਾਕਿਸਤਾਨ ’ਚ ਜ਼ਬਰੀ ਧਰਮ ਪਰਿਵਰਤਨ: ਦੀਨਾ ਕੌਰ ਨੇ ਕਬੂਲਿਆ ਇਸਲਾਮ, ਪਿਤਾ ਨੇ ਲਗਾਏ ਗੰਭੀਰ ਇਲਜ਼ਾਮ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਵਿਖੇ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਵੀ ਸੌਂਪੇ।

Dina Kaur accepted Islam in Pakistan

 

ਖੈਬਰ ਪਖਤੂਨਖਵਾ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸਿੱਖ ਲੜਕੀ ਦੀਨਾ ਕੌਰ ਦੇ ਅਗਵਾ ਹੋਣ ਤੋਂ ਬਾਅਦ ਵਿਆਹ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਪਾਕਿਸਤਾਨ ਦੇ ਸੂਬੇ ਬੁਨੀਰ ਦੀ ਜ਼ਿਲ੍ਹਾ ਅਦਾਲਤ ਨੇ ਦੀਨਾ ਕੌਰ ਨੂੰ ਮੁਸਲਿਮ ਨੌਜਵਾਨ ਹਿਜ਼ਬੁੱਲਾ ਸਮੇਤ ਨਾਲ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਦੀਨਾ ਕੌਰ ਦੇ ਪਿਤਾ ਨੇ ਸਥਾਨਕ ਪੁਲਿਸ 'ਤੇ ਉਸ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ।

ਗੁਰਚਰਨ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਦੀ ਬੇਟੀ ਦੀਨਾ ਕੌਰ ਨੂੰ ਇਕ ਸਥਾਨਕ ਨੌਜਵਾਨ ਨੇ ਅਗਵਾ ਕਰ ਲਿਆ ਹੈ। ਇਸਲਾਮ ਕਬੂਲ ਕਰਵਾਉਣ ਤੋਂ ਬਾਅਦ ਉਸ ਨੇ ਵਿਆਹ ਵੀ ਕਰ ਲਿਆ ਹੈ। ਇਸ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਵਿਖੇ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਵੀ ਸੌਂਪੇ। ਮਾਮਲਾ ਭਖਦਾ ਦੇਖ ਕੇ ਅਗਲੇ ਹੀ ਦਿਨ ਦੀਨਾ ਕੌਰ ਨੂੰ ਲੱਭ ਕੇ ਮਹਿਲਾ ਨਿਵਾਸ ਭੇਜ ਦਿੱਤਾ ਗਿਆ ਅਤੇ ਹਿਜ਼ਬੁੱਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਇਹ ਮਾਮਲਾ ਕਾਬਲ ਸੂਬੇ ਦੇ ਜੁਡੀਸ਼ੀਅਲ ਮੈਜਿਸਟਰੇਟ ਦੇ ਜੱਜ ਅਮਜਿਦ ਉੱਲਾ ਦੀ ਅਦਾਲਤ ਵਿਚ ਪਹੁੰਚਿਆ, ਜਿੱਥੇ ਦੀਨਾ ਦਾ ਹਲਫ਼ਨਾਮਾ ਪੇਸ਼ ਕੀਤਾ ਗਿਆ। ਇਸ ਵਿਚ ਦੀਨਾ ਕੌਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਸ ਨਾਲ ਜ਼ਬਰਦਸਤੀ ਨਹੀਂ ਕੀਤੀ ਗਈ। ਉਹ ਬਾਲਗ ਹੈ ਅਤੇ ਖੁਦ ਹਿਜ਼ਬੁੱਲਾ ਦੇ ਨਾਲ ਗਈ ਹੈ। ਅਦਾਲਤ ਵਿੱਚ ਉਸ ਨੂੰ ਹਿਜ਼ਬੁੱਲਾ ਸਮੇਤ ਭੇਜਣ ਦੀ ਮੰਗ ਵੀ ਕੀਤੀ।

ਦੀਨਾ ਕੌਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਹਲਫ਼ਨਾਮੇ ਵਿੱਚ ਉਸ ਨੇ ਮੰਨਿਆ ਕਿ ਹੁਣ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ। ਹੁਣ ਉਸ ਦਾ ਨਵਾਂ ਨਾਂ ਦੀਨਾ ਕੌਰ ਨਹੀਂ, ਸਿਰਫ਼ ਦੀਨਾ ਹੈ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਹਿਜ਼ਬੁੱਲਾ ਦੇ ਨਾਲ ਭੇਜ ਦਿੱਤਾ। ਦੋਵਾਂ ਦੇ ਵਿਆਹ ਨੂੰ ਵੀ ਸਹੀ ਕਰਾਰ ਦਿੱਤਾ ਗਿਆ। ਅਦਾਲਤ ਨੇ ਦੀਨਾ ਦੀ ਰੱਖਿਆ ਦੇ ਨਾਂ 'ਤੇ ਹਿਜ਼ਬੁੱਲਾ ਕੋਲੋਂ 15 ਲੱਖ ਰੁਪਏ ਦੇ ਸੁਰੱਖਿਆ ਬਾਂਡ ਵੀ ਜਮ੍ਹਾ ਕਰਵਾਏ ਹਨ। ਇਸ ਸਾਰੀ ਘਟਨਾ ਤੋਂ ਬਾਅਦ ਦੀਨਾ ਦੇ ਪਿਤਾ ਗੁਰਚਰਨ ਸਿੰਘ ਨੇ ਇੱਕ ਵਾਰ ਫਿਰ ਸਥਾਨਕ ਪੁਲਿਸ 'ਤੇ ਉਸ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਨੂੰ ਅਦਾਲਤ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ।