ਸਕੂਲ ’ਚ ਸੇਵਾਦਾਰ ਦੀ ਡਿਊਟੀ ਨਿਭਾਅ ਰਿਹਾ ਗੁਰਸਿੱਖ ਬਲਜਿੰਦਰ ਸਿੰਘ ਬਣਿਆ ਕਰੋੜਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਕਰੋੜ 20 ਲੱਖ ਦੀ ਨਿਕਲੀ ਲਾਟਰੀ

Baljinder Singh

 

ਸਰਾਭਾ: ਕਹਾਵਤ ਹੈ ਕਿ ‘ਉਪਰ ਵਾਲਾ ਜਦ ਵੀ ਦਿੰਦਾ, ਦਿੰਦਾ ਛੱਪੜ ਫਾੜ ਕੇ।’ ਉਦੋਂ ਸੱਚ ਹੋਈ ਜਦੋਂ ਗ਼ਰੀਬ ਗੁਰਸਿੱਖ ਪ੍ਰਵਾਰ ਦੇ ਬਲਜਿੰਦਰ ਸਿੰਘ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਨੂੰ ਇਕ ਕਰੋੜ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਇਸ ਮੌਕੇ ਬਲਜਿੰਦਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਪਿੰਡ ਮੋਹੀ ਦੇ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਵਿਖੇ ਬਤੌਰ ਸੇਵਾਦਾਰ ਦੀ ਨੌਕਰੀ ਕਰਦਾ ਹੈ ਜਿਸ ਦੀ ਉਮਰ 57 ਸਾਲ ਹੈ ਤੇ ਪਤਨੀ ਪਰਮਜੀਤ ਕੌਰ ਵੀ ਮਿਹਨਤ ਮਜ਼ਦੂਰੀ ਕਰਦੀ ਹੈ।

ਉਸ ਦਾ ਲੜਕਾ ਅਵਤਾਰ ਸਿੰਘ ਜੋ ਕਿ ਪਿੰਡ ਅੰਦਰ ਹੀ ਸੁਸਾਇਟੀ ਵਲੋਂ ਲਗਾਏ ਪਟਰੌਲ ਪੰਪ ’ਤੇ ਤੇਲ ਪਾਉਣ ਦਾ ਕੰਮ ਕਰਦਾ ਹੈ। ਬਲਜਿੰਦਰ ਸਿੰਘ ਨੇ ਅੱਗੇ ਦਸਿਆ ਕਿ ਉਸ ਨੇ ਇਹ ਲਾਟਰੀ ਬੀਤੇ ਦਿਨੀਂ 20 ਅਗੱਸਤ ਨੂੰ ਮੁੱਲਾਂਪੁਰ ਤੋਂ ਗਿਆਨ ਸਿੰਘ ਨਾਮ ਦੇ ਲਾਟਰੀ ਏਜੰਟ ਤੋਂ ਪੰਜਾਬ ਸਟੇਟ ਲਾਟਰੀ ਬੰਪਰ ਦਾ 200 ਰੁਪਏ ਵਿਚ ਲਾਟਰੀ ਟਿਕਟ ਅਪਣੇ ਲੜਕੇ ਅਵਤਾਰ ਸਿੰਘ ਦੇ ਨਾਮ ਤੇ ਖ਼ਰੀਦੀਆਂ ਸੀ। ਉਨ੍ਹਾਂ ਦਸਿਆ ਕਿ ਜਦੋਂ ਸਾਨੂੰ ਲਾਟਰੀ ਵਾਲਿਆਂ ਦਾ ਫ਼ੋਨ ਆਇਆ ਕਿ ਤੁਹਾਨੂੰ ਇਕ ਕਰੋੜ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਹੱਦ ਨਾ ਰਹੀ।

ਦਸਣਯੋਗ ਹੈ ਕਿ ਬਲਜਿੰਦਰ ਸਿੰਘ ਦਾ ਸਾਰਾ ਪ੍ਰਵਾਰ ਹੀ ਗੁਰਸਿੱਖ ਪ੍ਰਵਾਰ ਹੈ ਜੋ ਕੇ ਬਾਣੇ ਅਤੇ ਬਾਣੀ ਦਾ ਪੂਰਨ ਧਾਰਨੀ ਹਨ। ਉਨ੍ਹਾਂ ਲਾਟਰੀ ਦੇ ਪੈਸੇ ਨਾਲ ਕੁੱਝ ਜ਼ਮੀਨ ਖ਼ਰੀਦਣ ਅਤੇ ਅਪਣਾ ਘਰ ਬਣਾਉਣ ਤੋਂ ਇਲਾਵਾ ਕੁੱਝ ਕੁ ਪੈਸੇ  ਲੋੜਵੰਦ ਲੋਕਾਂ ਲਈ ਦਾਨ ਦੇਣ ਦੀ ਵੀ ਗੱਲ ਆਖੀ। ਇਸ ਮੌਕੇ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ, ਕਮੇਟੀ ਮੈਂਬਰ ਸੁਖਦੀਪ ਸਿੰਘ ਦੀਪਾ ਅਤੇ ਮਾਸਟਰ ਚਰਨਜੀਤ ਸਿੰਘ ਹਸਨਪੁਰ ਨੇ ਜਿਥੇ ਬਲਜਿੰਦਰ ਸਿੰਘ ਨੂੰ ਲਾਟਰੀ ਨਿਕਲਣ ’ਤੇ ਮੁਬਾਰਕਬਾਦ ਦਿਤੀ ਉਥੇ ਪਰਮਜੀਤ ਸਿੰਘ ਮੋਹੀ ਨੇ ਕਿਹਾ ਕਿ ਬਲਜਿੰਦਰ ਸਿੰਘ ਇਕ ਇਮਾਨਦਾਰ ਸੂਝਵਾਨ ਵਿਅਕਤੀ ਹਨ। ਸਕੂਲ ਅਤੇ ਸਮਾਜ ਦੀ ਨਿਸ਼ਕਾਮ ਸੇਵਾ ਸਦਕਾ ਹੀ ਇਸ ’ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ।