ਪਾਕਿ 'ਚ ਸਿੱਖ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ ਹੋਣ 'ਤੇ ਭਾਈ ਲੌਂਗੋਵਾਲ ਤੇ ਮਹਿਤਾ ਵਲੋਂ ਦੁਖ ਪ੍ਰਗਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਛੜੀਆਂ ਰੂਹਾਂ ਨੂੰ ਦਿਤੀ ਸ਼ਰਧਾਂਜਲੀ, ਜ਼ਖ਼ਮੀਆਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ

Gobind Singh Longowal

ਅੰਮ੍ਰਿਤਸਰ (ਕ੍ਰਿਸ਼ਨ ਸਿੰਘ ਦੁਸਾਂਝ, ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਕਰ ਕੇ ਪਰਤ ਰਹੀਆਂ ਸਿੱਖ ਸੰਗਤਾਂ ਦੀ ਗੱਡੀ ਹਾਦਸਾ ਗ੍ਰਸਤ ਹੋਣ ਨਾਲ ਦੋ ਦਰਜਨ ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ , ਰਜਿੰਦਰ ਸਿੰਘ ਮਹਿਤਾ ਅਤੇ ਮੁੱਖ ਸਕਤਰ ਡਾ : ਰੂਪ ਸਿੰਘ  ਨੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਮਾਨਵ ਰਹਿਤ ਫ਼ਾਟਕ 'ਤੇ ਇਹ ਹਾਦਸਾ ਵਾਪਰਿਆ ਹੈ। ਇਹ ਇਕ ਵੱਡੀ ਅਣਗਹਿਲੀ ਕਾਰਨ ਹੋਇਆ ਹੈ, ਜਿਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋਣਾ ਬੇਹੱਦ ਦੁਖਦਾਈ ਹੈ, ਜਿਸ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕਰਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਚਲਾਣਾ ਕਰ ਗਏ ਸ਼ਰਧਾਲੂਆਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ੁਕਰਵਾਰ ਨੂੰ ਮਿੰਨੀ ਬੱਸ ਦੇ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਨ 29 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਬਹੁਤੇ ਸਿੱਖ ਯਾਤਰੀ ਸਨ।

ਅਧਿਕਾਰੀਆਂ ਨੇ ਦਸਿਆ ਕਿ ਕਰਾਚੀ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਨੇ ਦੁਪਹਿਰ ਡੇਢ ਵਜੇ ਫ਼ਾਰੂਕਾਬਾਦ ਵਿਚ ਰੋਡੇ ਫਾਟਕ 'ਤੇ ਮਿੰਨੀ ਬੱਸ ਨੂੰ ਟੱਕਰ ਮਾਰ ਦਿਤੀ। ਬੱਸ ਵਿਚ ਸਿੱਖ ਸ਼ਰਧਾਲੂ ਸਵਾਰ ਸਨ। ਘਟਨਾ ਵਾਲੀ ਥਾਂ ਲਾਹੌਰ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦਸਿਆ ਕਿ ਹਾਦਸੇ ਵਿਚ ਘੱਟੋ ਘੱਟ 29 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਬਹੁਤੇ ਪਾਕਿਸਤਾਨੀ ਸਿੱਖ ਸਨ।