ਪਿੰਡ ਖਾਰਾ ਦੇ ਗੁਰਦਵਾਰੇ ਦੀ ਮਰਿਆਦਾ ਦਾ ਮਾਮਲਾ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਕੋਲ ਪੁਜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਵਾਰੇ ਦੀ ਕਮੇਟੀ ਅਤੇ ਮਰਿਆਦਾ ਭੰਗ ਕਰਨ ਤੋਂ ਪਿੰਡ ਵਾਸੀਆਂ ’ਚ ਰੋਸ

Case of village Khara has been referred to Akal Takht and Shiromani Committee

ਕੋਟਕਪੂਰਾ : ਨੇੜਲੇ ਪਿੰਡ ਖਾਰਾ ਦੇ ਗੁਰਦਵਾਰਾ ਰਾਮਸਰ ਸਾਹਿਬ ਦੀ ਕਮੇਟੀ ਅਤੇ ਮਰਿਆਦਾ ਭੰਗ ਕਰਨ ਦੇ ਮਾਮਲੇ ’ਚ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਕੋਟਕਪੂਰਾ ਦੇ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਸ਼ਿਕਾਇਤਾਂ ਭੇਜਦਿਆਂ ਪਿੰਡ ਵਾਸੀਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਗੁਰਦਵਾਰਾ ਸਾਹਿਬ ਵਿਖੇ ਇਕੱਤਰ ਹੋਏ ਲਾਈਨਜ਼ ਕਲੱਬ ਖਾਰਾ ਦੇ ਪ੍ਰਧਾਨ ਗੁਰਜਸਜੀਤ ਸਿੰਘ ਜੱਸੀ, ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸ਼ਕਤੀਮਾਨ, ਦਸ਼ਮੇਸ਼ ਸੇਵਾ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਪ੍ਰੀਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਜੱਗਾ, ਯੁਵਕ ਸੇਵਾਵਾਂ ਕਲੱਬ ਜਗਸੀਰ ਸਿੰਘ ਬਬਲੀ ਸਮੇਤ ਨਗਿੰਦਰ ਸਿੰਘ, ਨਿਰਮਲ ਸਿੰਘ, ਸੂਖਮ ਸਿੰਘ ਅਤੇ ਸਾਬਕਾ ਪ੍ਰਧਾਨ ਸੁਖਜਿੰਦਰ ਸਿੰਘ ਨੇ ਦਸਿਆ ਕਿ ਪਿੰਡ ਦੀਆਂ ਦੋਵੇਂ ਪੰਚਾਇਤਾਂ, ਕਲੱਬਾਂ, ਸਮੂਹ ਪਿੰਡ ਵਾਸੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜ਼ਰੀ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਸੀ ਕਿ ਗੁਰਦਵਾਰਾ ਸਾਹਿਬ ਵਿਖੇ ਮਰਗ ਦੇ ਭੋਗ ਸਮੇਂ ਸਾਦਾ ਭੋਜਨ ਹੀ ਤਿਆਰ ਕੀਤਾ ਜਾਵੇਗਾ ਜਿਸ ’ਚ ਇਕ ਸਬਜ਼ੀ-ਇਕ ਦਾਲ, ਚਾਹ ਦਾ ਲੰਗਰ ਅਤੇ ਜਲ ਸੇਵਾ ਤੋਂ ਇਲਾਵਾ ਬਹੁਤਾ ਖ਼ਰਚਾ ਨਹੀਂ ਹੋਵੇਗਾ।

ਭੋਗ ਸਮੇਂ ਸਿਆਸੀ ਲੀਡਰਾਂ ਦੇ ਬੋਲਣ ਦੀ ਮਨਾਹੀ ਸਬੰਧੀ ਪਾਸ ਹੋਏ ਸਾਰੇ ਮਤੇ ਸਰਬਸੰਮਤੀ ਨਾਲ ਗੁਰਦਵਾਰੇ ਦੇ ਕਾਰਵਾਈ ਰਜਿਸਟਰ ’ਚ ਦਰਜ ਕੀਤੇ ਗਏ। ਪਿਛਲੇ ਦਿਨੀਂ ਖਾਰਾ ਪੱਛਮੀ ਦੀ ਸਰਪੰਚ ਹਰਜਿੰਦਰ ਕੌਰ ਦੀ ਸੱਸ ਦੇ ਭੋਗ ਸਮੇਂ ਸ਼ਾਹੀ ਖਾਣਾ ਚਾਲੂ ਕਰਨ ਵਾਸਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਰਜਿਸਟਰ ਖੋਹ ਕੇ, ਵਿਰੋਧ ਕਰਨ ਵਾਲਿਆਂ ਨੂੰ ਕਮੇਟੀ ’ਚੋਂ ਕੱਢ ਦਿਤਾ, ਮਰਜ਼ੀ ਦੇ ਮੈਂਬਰ ਸ਼ਾਮਲ ਕਰ ਲਏ ਅਤੇ ਮਤੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਪਿੰਡ ਵਾਸੀਆਂ ’ਚ ਭਾਰੀ ਰੋਸ ਹੈ। 

ਉਨ੍ਹਾਂ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਪੰਚਾਇਤ ਤੋਂ ਛੁਡਵਾਉਣ ਅਤੇ ਭੰਗ ਕੀਤੀ ਕਮੇਟੀ ਬਹਾਲ ਕਰਵਾਉਣ ਦੀ ਮੰਗ ਕੀਤੀ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੱਥਾ ਸਿੰਘ ਨੇ ਰਜਿਸਟਰ ਖੋਹ ਕੇ ਲਿਜਾਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਅਹੁਦੇਦਾਰਾਂ ਦੀ ਅਦਲਾ ਬਦਲੀ ਬਾਰੇ ਉਸ ਦੀ ਕੋਈ ਸਹਿਮਤੀ ਨਹੀਂ ਲਈ ਗਈ। ਇਸ ਮਾਮਲੇ ’ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦਵਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਸ਼ਿਕਾਇਤ ਦੀ ਕਾਪੀ ਨਹੀਂ ਮਿਲੀ ਪਰ ਉਹ ਕਾਪੀ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਉਣਗੇ।