ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖ ਪਹਿਚਾਣ ਦੇ ਪ੍ਰਚਾਰ ਲਈ ਅੰਤਰਰਾਸ਼ਟਰੀ ਪੈਨਲ ਬਣੇ : ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਪਹਿਚਾਣ ਪ੍ਰਚਾਰ ਸਬੰਧੀ ਸੂਝਵਾਨ ਵਿਅਕਤੀ ਅੱਗੇ ਆਉਣ

Baba Balbir Singh

ਅੰਮ੍ਰਿਤਸਰ : ਨਿਹੰਗ ਸਿੰਘਾਂ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਦੇਸ਼-ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਸਿੱਖ ਪਹਿਚਾਣ ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨਾਲ ਸਾਰਾ ਹੀ ਸਿਖ ਜਗਤ ਚਿੰਤਾਜਨਕ ਹੈ। ਪਰ ਇਸ ਦੇ ਸਰਲੀਕਰਣ ਲਈ ਸਾਰੇ ਹੀ ਸਿੱਖਾਂ ਨੂੰ ਇਕ ਪਲੇਟਫ਼ਾਰਮ 'ਤੇ ਖੜ ਕੇ ਅਵਾਜ਼ ਬੁਲੰਦ ਕਰਨੀ ਪਵੇਗੀ। ਸਮੁੱਚੇ ਨਿਹੰਗ ਸਿੰਘ ਦਲ ਪਹਿਲੀ ਕਤਾਰ ਵਿਚ ਖੜ੍ਹ ਕੇ ਸਹਿਯੋਗ ਕਰਨਗੇ।

ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਵਾਈ ਅੱਡਿਆਂ, ਉਚ ਸਰਕਾਰੀ ਦਫ਼ਤਰਾਂ, ਜਨਤਕ ਥਾਵਾਂ, ਜਹਾਜ਼ਾਂ ਜਾਂ ਸਕੂਲਾਂ, ਕਾਲਜਾਂ ਵਿਚ ਕਦੀ ਸਿੱਖ ਕਰਾਰਾਂ ਦੀ ਚੈਕਿੰਗ ਬਹਾਨੇ, ਕਦੇ ਦਸਤਾਰ ਬਹਾਨੇ, ਕਦੇ ਦਾਹੜੇ ਸਬੰਧੀ ਭੱਦੀਆਂ ਟਿਪਣੀਆਂ ਕਰ ਕੇ ਸਿੱਖਾਂ ਨੂੰ ਜ਼ਲੀਲ, ਪ੍ਰੇਸ਼ਾਨ ਤੇ ਵਿਤਕਰੇ ਵਾਲਾ ਭੈੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਚਿੰਤਾ ਜ਼ਹਿਰ ਕਰਦਿਆਂ ਕਿਹਾ ਕਿ ਜਦੋਂ ਅਜਿਹੀ ਕੋਈ ਖ਼ਬਰ ਮੀਡੀਆਂ ਵਿਚ ਆਉਂਦੀ ਹੈ ਤਾਂ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। 

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਧਿਰਾਂ ਇਕ ਪਲੇਟਫ਼ਾਰਮ 'ਤੇ ਸਿਰਜੋੜ ਕੇ ਬੈਠਣ ਅਤੇ ਅਜਿਹੇ ਸਿੱਖ ਵਿਰੋਧੀ ਪ੍ਰਚਾਰ ਨੂੰ ਠੱਲਣ ਲਈ ਨਵੇਂ ਸਾਧਨਾਂ ਰਾਹੀ ਸਿੱਖ ਪਹਿਚਾਣ ਸਬੰਧੀ ਪ੍ਰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਨਿਰਛਲ ਭਾਵਨਾ ਨਾਲ ਸਾਰੇ ਰਲ ਮਿਲ ਕੇ ਥਾਂ-ਥਾਂ ਸਿੱਖ ਪਹਿਚਾਣ ਸਬੰਧੀ ਪ੍ਰਚਾਰ ਅਰੰਭਿਆ ਜਾਣਾ ਚਾਹੀਦਾ ਹੈ। ਅਜਿਹੀਆਂ ਵਾਪਰਦੀਆਂ ਘਟਨਾਵਾਂ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਪੈਨਲ ਦਾ ਗਠਨ ਕੀਤਾ ਜਾਵੇ।