ਅਮਰਿੰਦਰ ਸਿੰਘ ਅਰੋੜਾ ਨੂੰ ਯੂਥ ਇਕਾਈ ਦਾ ਪ੍ਰਧਾਨ ਬਣਾਏ ਜਾਣ 'ਤੇ ਵਖਰੀ ਕਮੇਟੀ ਵਿਚ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਨਾਲ : ਬੀਤੀ 3 ਮਾਰਚ ਨੂੰ ਕਰਨਾਲ ਦੇ ਗੁਰਦਵਾਰਾ ਸੀਸ਼ੀਆਂ ਵਾਲਾ ਵਿਖੇ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ...

Amarinder Singh Arora

ਕਰਨਾਲ : ਬੀਤੀ 3 ਮਾਰਚ ਨੂੰ ਕਰਨਾਲ ਦੇ ਗੁਰਦਵਾਰਾ ਸੀਸ਼ੀਆਂ ਵਾਲਾ ਵਿਖੇ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ, ਜਰਨਲ ਸਕੱਤਰ ਜੋਗਾ ਸਿੰਘ ਯਮੁਨਾਨਗਰ ਤੇ ਮੈਂਬਰ ਮੋਹਨਜੀਤ ਸਿੰਘ ਵਲੋਂ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਸਹਿਮਤੀ ਨਾਲ ਸ. ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਨਵਾਂ ਯੂਥ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਕਮੇਟੀ ਵਿਚ ਵਿਵਾਦ ਪੈਦਾ ਹੋ ਗਿਆ ਜਿਸ ਨੂੰ ਲੈ ਕੇ ਅੱਜ ਯੂਥ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਸ. ਗੁਰਦੀਪ ਸਿੰਘ ਦੇ ਘਰ ਯੂਥ ਇਕਾਈ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਗੁਰਦੀਪ ਸਿੰਘ ਨੇ ਕਿਹਾ ਕਿ ਵਖਰੀ ਕਮੇਟੀ ਦੇ ਨਵੇਂ ਬਣਾਏ ਗਏ ਪ੍ਰਧਾਨ ਨੂੰ ਬਿਨਾਂ ਕਿਸੇ ਸੰਵਿਧਾਨ ਤੇ ਬਿਨਾਂ ਮੈਂਬਰਾਂ ਦੀ ਸਲਾਹ ਨਾਲ ਬਣਾਇਆ ਗਿਆ ਹੈ ਜੋ ਸਰਾਸਰ ਗ਼ਲਤ ਹੈ। ਅਸੀ ਸ. ਅਰੋੜਾ ਨੂੰ ਪ੍ਰਧਾਨ ਨਹੀਂ ਮੰਨਾਂਗੇ ਤੇ ਸਾਡੇ ਪ੍ਰਧਾਨ ਸ. ਹਰਪ੍ਰੀਤ ਸਿੰਘ ਨਰੂਲਾ ਹੀ ਹੋਣਗੇ ਕਿਉਂਕਿ ਨਾ ਤਾਂ ਸ. ਨਰੂਲਾ ਦੀ ਸਲਾਹ ਲਈ ਗਈ ਹੈ ਤੇ ਨਾ ਹੀ ਸ. ਨਰੂਲਾ ਤੋਂ ਅਸਤੀਫ਼ਾ ਲਿਆ ਗਿਆ ਹੈ।
ਇਸ ਮੌਕੇ ਸ.ਅੰਗਰੇਜ਼ ਸਿੰਘ ਪੰਨੂੰ ਨੇ ਕਿਹਾ ਕਿ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ 28 ਤੋਂ ਜ਼ਿਆਦਾ ਮੈਂਬਰ ਇਸ ਨਾਲ ਸਹਿਮਤ ਨਹੀਂ ਹਨ ਤੇ 28 ਮਾਰਚ ਨੂੰ ਵਖਰੀ ਕਮੇਟੀ ਦੇ ਜਰਨਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਮੈਂਬਰ ਜੋ ਫ਼ੈਸਲਾ ਕਰਨਗੇ ਉਸ ਨੂੰ ਹੀ ਯੂਥ ਇਕਾਈ ਦਾ ਪ੍ਰਧਾਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੀਦਾਰ ਸਿੰਘ ਨਲਵੀ ਨੂੰ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਇਸ ਲਈ ਬਣਾਇਆ ਗਿਆ ਸੀ ਕਿ ਉਹ ਹਰਿਆਣਾ ਦੇ ਸਿੱਖਾਂ ਦੇ ਹਿਤਾ ਲਈ ਕੰਮ ਕਰਨਗੇ ਪਰ ਉਨ੍ਹਾਂ ਨੇ ਕਮੇਟੀ ਨੂੰ ਤੋੜਨ ਦਾ ਕੰਮ ਕੀਤਾ ਹੈ ਤੇ ਨਲਵੀ ਨੇ ਕਮੇਟੀ ਦੇ ਮੈਂਬਰਾਂ ਤੇ ਯੂਥ ਇਕਾਈ ਨੂੰ ਬਿਨਾਂ ਭਰੋਸੇ ਵਿਚ ਲਈ ਕਮੇਟੀ ਦਾ ਜੋ ਫੇਰਬਦਲ ਕੀਤਾ ਹੈ ਉਸ ਦੀ ਅਸੀ ਨਿੰਦਾ ਕਰਦੇ ਹਾਂ।