Panthak News: ਅੰਮ੍ਰਿਤਸਰ ਪਹੁੰਚ ਕੇ ਹਰਿਆਣਾ ਕਮੇਟੀ ਨੇ ਜਤਾਇਆ ਮੀਰੀ ਪੀਰੀ ਮੈਡੀਕਲ ਕਾਲਜ ’ਤੇ ਅਪਣਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਲਜ ਦੇ ਮੁਲਾਜ਼ਮ ਤਨਖ਼ਾਹਾਂ ਦੀ ਉਡੀਕ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਹਵਾਈ ਕਿਲ੍ਹੇ ਉਸਾਰ ਰਹੀ ਹੈ : ਅਸੰਧ

Haryana Committee staked its claim on Miri Piri Medical College

Panthak News: ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਸ਼੍ਰੋਮਣੀ ਕਮੇਟੀ ਪਾਸੋਂ ਮੰਗ ਕੀਤੀ ਹੈ ਕਿ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੌਂਪ ਦਿਤਾ ਜਾਵੇ।

ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸ. ਅਸੰਧ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲੋਂ ਪ੍ਰਬੰਧ ਲੈਣ ਤੋਂ ਬਾਅਦ ਹਰਿਆਣਾ ਦੇ ਗੁਰੂ ਘਰਾਂ ਦੀ ਆਮਦਨ ਵਧੀ ਹੈ ਤੇ ਖ਼ਰਚ ਘਟੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਮੀਰੀ ਪੀਰੀ ਮੈਡੀਕਲ ਕਾਲਜ ਨੂੰ 100 ਸੀਟਾਂ ਦਾ ਕਾਲਜ ਬਣਾਉਣ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਅੱਜ ਤਕ ਅਜਿਹਾ ਨਹੀਂ ਹੋਇਆ।

ਹੁਣ ਅਚਾਨਕ ਇਹ ਕਾਲਜ ਤੇ ਇੰਨੇ ਮਿਹਰਬਾਨ ਕਿਉਂ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਇਹ ਪ੍ਰਬੰਧ ਸਾਡੇ ਹੱਥ ਆ ਜਾਂਦਾ ਹੈ ਤਾਂ ਅਸੀ ਬਹੁਤ ਤੇਜ਼ੀ ਨਾਲ ਕੰਮ ਕਰਵਾ ਕੇ ਇਸ ਮੈਡੀਕਲ ਕਾਲਜ ਨੂੰ ਸ਼ੁਰੂ ਕਰਵਾ ਦਿਆਂਗੇ। ਕਾਲਜ ਦੇ ਮੁਲਾਜ਼ਮ ਤਨਖ਼ਾਹਾਂ ਦੀ ਉਡੀਕ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਹਵਾਈ ਕਿਲੇ੍ਹ ਉਸਾਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀ ਹਰਿਆਣਾ ਦੇ ਸਿੱਖਾਂ ਵਿਚ ਸਿਖਿਆ ਨੂੰ ਪ੍ਰਫੁੱਲਤ ਕਰਨ ਲਈ ਪਹਿਲ ਦੇ ਆਧਾਰ ’ਤੇ ਯਤਨ ਕਰਾਂਗੇ। ਉਨ੍ਹਾਂ ਦਸਿਆ ਕਿ ਹਰਿਆਣਾ ਦੇ ਸਕੂਲ ਕਾਲਜ ਆਮਦਨ ਪੱਖੋਂ ਉਨਤ ਹੋਏ ਹਨ ਤੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀ ਸ਼੍ਰੋਮਣੀ ਕਮੇਟੀ ਚੰਗੇ ਕੰਮ ਵੀ ਕਰ ਰਹੀ ਹੈ ਪਰ ਸਾਡੀ ਮਨਸ਼ਾ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਪ੍ਰਾਪਤ ਕਰਨ ਦੀ ਹੈ।

ਸ. ਅਸੰਧ ਨੇ ਕਿਹਾ ਕਿ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਹਰਿਆਣਾ ਕਮੇਟੀ ਦੀ ਹੋਂਦ ਨੂੰ ਹੀ ਸਵੀਕਾਰ ਨਹੀਂ ਸੀ ਕਰਦੀ ਪਰ ਜਦ ਹਰਿਆਣਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਪਹਿਲੇ ਉਮੀਦਵਾਰ ਅਕਾਲੀ ਦਲ ਬਾਦਲ ਦੇ ਨਾਮਜ਼ਦਗੀ ਕਾਗ਼ਜ਼ ਜਮ੍ਹਾਂ ਕਰਵਾਉਣ ਲਈ ਗਏ। ਲੋਕ ਸਭਾ ਚੋਣਾਂ ਦੌਰਾਨ ਕਿਸ ਸਿਆਸੀ ਪਾਰਟੀ ਦੀ ਮਦਦ ਬਾਰੇ ਪੁਛੇ ਜਾਣ ’ਤੇ ਸ. ਅਸੰਧ ਨੇ ਕਿਹਾ ਕਿ ਇਹ ਫ਼ੈਸਲਾ ਹਰਿਆਣਾ ਦੇ ਸਿੱਖਾਂ ਦੀ ਰਾਏ ਮੁਤਾਬਕ ਲਿਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਪੰਜਾਬੀ ਕਿਸਾਨਾਂ ’ਤੇ ਹੋਈ ਗੋਲੀਬਾਰੀ ਨੂੰ ਗ਼ਲਤ ਕਰਾਰ ਦਿੰਦੇ ਸ. ਅਸੰਧ ਨੇ ਕਿਹਾ ਕਿ ਅਸੀ ਸਾਰੇ ਮਾਮਲੇ ਦੀ ਪੜਤਾਲ ਕਰਵਾ ਰਹੇ ਹਾਂ ਤੇ ਦੋਸ਼ੀਆਂ ਦੇ ਵਿਰੁਧ ਕਾਨੂੰਨੀ ਕਾਰਵਾਈ ਕਰਵਾ ਕੇ ਦਮ ਲਵਾਂਗੇ।

ਇਸ ਮੌਕੇ ਹਰਿਆਣਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸੀ ਹਰਿਆਣਾ ਵਿਚ ਗੁਰਮਤਿ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਤੇਜ਼ੀ ਲਿਆ ਰਹੇ ਹਾਂ। ਉਨ੍ਹਾਂ ਦਸਿਆ ਕਿ ਅਸੀ ਹਰਿਆਣਾ ਦੇ ਸਾਰੇ ਗੁਰੂ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪਾਵਨ ਸਰੂਪਾਂ ਦੀ ਗਿਣਤੀ ਕਰਵਾ ਕੇ ਰਿਕਾਰਡ ਰੱਖ ਰਹੇ ਹਾਂ। ਭਾਈ ਦਾਦੂਵਾਲ ਨੇ ਅਪਣੇ ਸਾਥੀ ਸ. ਸੁਖਦੇਵ ਸਿੰਘ ਢੀਂਡਸਾ ਦੇ ਮੁੜ ਅਕਾਲੀ ਦਲ ਵਿਚ ਜਾਣ ’ਤੇ ਕਿਹਾ ਕਿ ਸ. ਢੀਂਡਸਾ ਦੀ ਕੀ ਕਮਜ਼ੋਰੀ ਰਹੀ ਇਹ ਉਹ ਹੀ ਦਸ ਸਕਦੇ ਹਨ। ਅਸੀ ਬੰਦੀ ਸਿੱਖਾਂ ਦੀ ਰਿਹਾਈ ਲਈ ਦਿਨ ਰਾਤ ਯਤਨ ਕਰਾਂਗੇ। ਇਸ ਤੋਂ ਪਹਿਲਾਂ ਹਰਿਆਣਾ ਕਮੇਟੀ ਦੇ ਸਾਰੇ ਹੀ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੇਹਦ ਖ਼ੁਸ਼ਗਵਾਰ ਮਾਹੌਲ ਵਿਚ ਬੰਦ ਕਮਰਾ ਮੀਟਿੰਗ ਕੀਤੀ।

(For more Punjabi news apart from Haryana Committee staked its claim on Miri Piri Medical College, stay tuned to Rozana Spokesman)