ਭਾਈ ਮੰਡ ਨੂੰ ਮਨਾਉਣ ਦਾ ਮੋਰਚਾ ਰਾਜੇ ਦੇ ਵਜ਼ੀਰ ਨੇ ਸੰਭਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚਾਰ ਦਿਨਾਂ ਤੋਂ ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ 'ਚ ਪੱਕਾ ਮੋਰਚਾ ਲਾਈ ਬੈਠੇ ਭਾਈ ਧਿਆਨ ਸਿੰਘ ਮੰਡ ਨੂੰ ਮਨਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਬੂਰ ਨਹੀਂ ਪਿਆ।...

Meeting of Bhai Dhyan Singh and Tript Rajinder Singh Bajwa

ਜੈਤੋ,  ਚਾਰ ਦਿਨਾਂ ਤੋਂ ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ 'ਚ ਪੱਕਾ ਮੋਰਚਾ ਲਾਈ ਬੈਠੇ ਭਾਈ ਧਿਆਨ ਸਿੰਘ ਮੰਡ ਨੂੰ ਮਨਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਬੂਰ ਨਹੀਂ ਪਿਆ। ਪਰ ਮੀਟਿੰਗ ਮਗਰੋਂ ਸਥਿਤੀ ਦੇ ਮੋੜਾ ਕੱਟਣ ਦੀ ਸੰਭਾਵਨਾ ਹੈ। ਦੋਹਾਂ ਧਿਰਾਂ ਦਾ ਮੰਨਣਾ ਸੀ ਕਿ ਗੱਲਬਾਤ ਸੁਖਾਵੀਂ ਰਹੀ ਪਰ ਇਸ ਨੂੰ ਅੱਗੇ ਵਧਾਉਣ ਦਾ ਫੈਸਲਾ ਉਨ੍ਹਾਂ ਦੀ ਆਪੋ-ਆਪਣੀ ਹਾਈ ਕਮਾਂਡ ਕਰੇਗੀ।

ਬੀਤੀ ਰਾਤ ਪੰਜਾਬ ਦੇ ਕੈਬਨਿਟ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਜੀਵ ਪਰਾਸ਼ਰ ਤੇ ਐਸ.ਐਸ.ਪੀ. ਡਾਕਟਰ ਨਾਨਕ ਸਿੰਘ ਨੇ ਮੋਰਚੇ ਵਾਲੀ ਥਾਂ ਤੇ ਪਹੁੰਚ ਕੇ ਭਾਈ ਮੰਡ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਮੰਤਰੀ, ਵਿਧਾਇਕ ਤੇ ਜ਼ਿਲ੍ਹਾ  ਪ੍ਰਸ਼ਾਸਨ ਨੇ ਇਕ ਉੱਚ ਪੁਲੀਸ ਅਧਿਕਾਰੀ ਦੇ ਘਰ ਮੀਟਿੰਗ ਲਈ ਪੰਥਕ ਆਗੂਆਂ ਨੂੰ ਸੱਦਾ ਦਿੱਤਾ।

ਪੰਥਕ ਧਿਰਾਂ ਭਾਈ ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਂਹ, ਪਰਮਜੀਤ ਸਿੰਘ ਸਹੌਲੀ ਤੇ ਜਸਵੀਰ ਸਿੰਘ ਖੰਡੂਰ ਮੀਟਿੰਗ ਵਿਚ ਸਾਮਿਲ ਹੋਏ। ਇਹ ਬੰਦ ਕਮਰਾ ਮੀਟਿੰਗ ਕੋਈ ਢਾਈ ਤੋਂ ਤਿੰਨ ਘੰਟੇ ਚੱਲੀ ਤੇ ਆਖਿਰ ਮੰਤਰੀ ਨੂੰ ਮੁੱਖ ਮੰਤਰੀ ਤੱਕ ਮੰਗਾਂ ਪਹੁੰਚਾ ਕੇ ਪੰਥਕ ਆਗੂਆਂ ਦੀ ਉਨ੍ਹਾਂ ਨਾਲ ਮੀਟਿੰਗ ਕਰਵਾਉਣ ਦਾ ਕਹਿ ਕੇ ਮੀਟਿੰਗ ਸਮਾਪਤ ਕਰਨੀ ਪਈ ਤੇ ਧਰਨਾ ਜਿਉਂ ਦਾ ਤਿਉਂ ਜਾਰੀ ਰਿਹਾ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਸਰਕਾਰ ਵਾਲੇ ਪਾਸੋਂ ਦੇਰੀ ਜਰੂਰ ਹੋਈ ਹੈ ਪਰ ਸਰਕਾਰ ਮਸਲੇ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਪੰਥਕ ਆਗੂਆਂ ਦੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾ ਕੇ ਉਹ ਜਲਦ ਹੀ ਇਨ੍ਹਾਂ ਦੀ ਮੀਟਿੰਗ  ਮੁੱਖ ਮੰਤਰੀ ਨਾਲ ਕਰਵਾਉਣਗੇ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਗੁਰਦੀਪ ਸਿੰਘ ਬਠਿੰਡਾ ਨੇ ਦੱਸਆਿ ਕਿ ਮੀਟਿੰਗ ਬਹੁਤ ਹੀ ਠੀਕ ਮਾਹੌਲ ਵਿਚ ਹੋਈ ਹੈ ਪਰ ਮੀਟਿੰਗ ਨਾਲ ਕੁਝ ਨਹੀਂ ਹੋਣਾ ਜਦ ਤੱਕ ਮਸਲੇ ਦਾ ਪੂਰਾ ਹੱਲ ਨਹੀਂ ਹੁੰਦਾ ਤੇ ਉਨ੍ਹਾਂ ਚਿਰ ਮੋਰਚਾ ਜਾਰੀ ਰਹੇਗਾ।