ਜਗਜੀਤ ਸਿੰਘ ਮੈਰਾਥਨ ਦੌੜਾਕ ਗੁਰਦਵਾਰਾ ਨਨਕਾਣਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤਕ ਦੌੜੇਗਾ
ਜੇ ਸਰਕਾਰ ਨੇ ਆਗਿਆ ਦਿਤੀ ਤਾਂ ਕਰਤਾਰਪੁਰ ਸਾਹਿਬ ਵੀ ਜਾਵਾਂਗਾ
ਅੰਮ੍ਰਿਤਸਰ : ਲੰਡਨ ਦੇ ਮੈਰਾਥਨ ਦੌੜਾਕ ਸ. ਜਗਜੀਤ ਸਿੰਘ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਗੁਰਦਵਾਰਾ ਡੇਰਾ ਬਾਬਾ ਨਾਨਕ ਤਕ ਖੰਡੇ ਵਾਲੇ ਨਿਸ਼ਾਨ ਸਾਹਿਬ ਦੇ ਨਾਲ ਮੈਰਾਥਨ ਦੌੜ ਦੌੜਨ ਦਾ ਨਿਰਣਾ ਲਿਆ ਹੈ। ਸ. ਜਗਜੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਪਰੰਤ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਵਰਤਮਾਨ ਸਕੱਤਰ ਅਤੇ ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਨੇ ਸਾਂਝੇ ਤੌਰ 'ਤੇ ਸਨਮਾਨਤ ਕੀਤਾ।
ਸ. ਜਗਜੀਤ ਸਿੰਘ ਨੇ ਦਸਿਆ ਕਿ ਉਹ ਲੰਡਨ ਦਾ ਨਿਵਾਸੀ ਹੈ ਤੇ ਉਸ ਨੇ ਸਾਲ 2004 ਤੋਂ ਮੈਰਾਥਨ ਦੌੜ ਸ਼ੁਰੂ ਕੀਤੀ ਹੋਈ ਹੈ, 20 ਦੇਸ਼ਾਂ ਵਿਚ ਉਹ ਮੈਰਾਥਨ ਦੌੜਾਂ ਵਿਚ ਹਿੱਸਾ ਲੈ ਚੁੱਕਾ ਹੈ। ਦੁਨੀਆਂ ਦੇ ਸੱਤ ਮਹਾਂਦੀਪਾਂ ਵਿਚ ਉਸ ਨੇ ਮੈਰਾਥਨ ਵਿਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਹੋਰ ਦਸਿਆ ਕਿ ਉਹ 385 ਫੁੱਲ ਮੈਰਾਥਨ ਅਤੇ 45 ਹਾਫ਼ ਮੈਰਾਥਨ ਦੌੜਾਂ ਦੌੜ ਚੁਕਾ ਹੈ। ਉਸ ਨੇ ਕਿਹਾ ਕਿ ਅੱਜ ਮੈਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਜਾ ਰਿਹਾ ਹਾਂ ਤੇ ਮੈਂ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦਵਾਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਗੁਰਦੁਆਰਾ ਡੇਰਾ ਬਾਬਾ ਨਾਨਕ ਪੰਜਾਬ ਭਾਰਤ ਤੀਕ ਮੈਰਾਥਨ ਦੌੜ ਦੌੜਾਂਗਾ।
ਉਸ ਨੇ ਕਿਹਾ,''ਮੈਂ ਖੇਡਾਂ ਵਿਚ ਸਿੱਖੀ ਸਰੂਪ ਇਸ ਕਰ ਕੇ ਸਾਂਭ ਕੇ ਰਖਿਆ ਹੈ ਕਿ ਨੌਜਵਾਨ ਪੀੜ੍ਹੀ ਇਸ ਤੋਂ ਪ੍ਰਭਾਵਤ ਹੋ ਕੇ ਖੇਡਾਂ ਵਿਚ ਵੱਧ ਚੜ੍ਹ ਕੇ ਸਿੱਖੀ ਸਰੂਪ ਵਿਚ ਹਿੱਸਾ ਲੈਣ।'' ਉਸ ਨੇ ਇਹ ਵੀ ਕਿਹਾ,''ਮੈਂ ਚੈਰੀਟੇਬਲ ਲਈ ਵੀ ਮੈਰਾਥਨ ਦੀ ਸਹਾਇਤਾ ਲਈ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਸਤੇ ਵੀ ਚੈਰੀਟੇਬਲ ਫ਼ੰਡ ਭੇਜਿਆ ਹੈ।'' ਉਸ ਨੇ ਕਿਹਾ ਕਿ ਨਵੰਬਰ 2020 ਤਕ ਸਾਰੀਆਂ ਮੈਰਾਥਨ ਦੌੜਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ।