Netflix ਦੇ ਸ਼ੋਅ ਵਿਚ ਸਿਗਰਟ ਪੀਣ ਵਾਲੇ ਕਿਰਦਾਰ ਦਾ ਨਾਂ 'ਨਾਨਕੀ'.. ਮਾਮਲਾ ਭਖਿਆ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨੈੱਟਫਲਿਕਸ ਵੱਲੋਂ ਦੋ ਹਫ਼ਤੇ ਪਹਿਲਾਂ ਇਕ ਨਵੇਂ ਸ਼ੋਅ ਦਾ ਟਰੇਲਰ ਜਾਰੀ ਕੀਤਾ ਗਿਆ ਸੀ।

Photo

ਨਵੀਂ ਦਿੱਲੀ: ਨੈੱਟਫਲਿਕਸ ਵੱਲੋਂ ਦੋ ਹਫ਼ਤੇ ਪਹਿਲਾਂ ਇਕ ਨਵੇਂ ਸ਼ੋਅ ਦਾ ਟਰੇਲਰ ਜਾਰੀ ਕੀਤਾ ਗਿਆ ਸੀ। ਇਸ ਸ਼ੋਅ ਵਿਚ ਇਕ ਕਿਰਦਾਰ ਦਿਖਾਇਆ ਗਿਆ ਹੈ ਜੋ ਕਿ ਸਿਗਰਟ ਪੀਂਦਾ ਹੈ ਅਤੇ ਉਸ ਦਾ ਨਾਂਅ ‘ਨਾਨਕੀ’ ਹੈ। ਸਿੱਖ ਇਤਿਹਾਸ ਵਿਚ ‘ਨਾਨਕੀ’ ਨਾਂਅ ਦਾ ਬਹੁਤ ਮਹੱਤਵ ਹੈ ਕਿਉਂਕਿ ਮਾਤਾ ਨਾਨਕੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ।

ਇਸ ਤੋਂ ਪਹਿਲਾਂ ਕਿਸੇ ਵਿਚ ਟੈਲੀਵਿਜ਼ਨ ਜਾਂ ਕਿਸੇ ਹੋਰ ਸ਼ੋਅ ਵਿਚ ਇਸ ਨਾਂਅ ਦੀ ਵਰਤੋਂ ਨਹੀਂ ਕੀਤੀ ਗਈ। ‘ਗਿਲਟੀ’ ਨਾਂਅ ਦੇ ਇਸ ਸ਼ੋਅ ਵਿਚ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨਾਨਕੀ ਦੇ ਕਿਰਦਾਰ ਵਿਚ ਹੈ। ਸੂਤਰਾਂ ਮੁਤਾਬਕ ਨੀਨਾ ਸਿੰਘ ਨਾਂਅ ਦੀ ਇਕ ਸਿੱਖ ਵਕੀਲ ਨੇ ਇਸ ਮਾਮਲੇ ਨੂੰ ਲੈ ਕੇ ਨੈੱਟਫਲਿਕਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਨੀਨਾ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਲਈ ਇਹ ਨਾਂਅ ਬਹੁਤ ਪਵਿੱਤਰ ਹੈ ਅਤੇ ਸ਼ੋਅ ਵਿਚ ਅਜਿਹੇ ਕਿਰਦਾਰ ਲਈ ਇਹ ਨਾਂਅ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਜਿਵੇਂ ਕੁਰਾਨ, ਰਮਾਇਣ, ਗੀਤਾ, ਬਾਈਬਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਸਿੱਖ ਇਤਿਹਾਸ ਵਿਚ ਚੰਗੀਆਂ ਔਰਤਾਂ ਦਾ ਜ਼ਿਕਰ ਆਉਂਦਾ ਹੈ।

ਇਹਨਾਂ ਦਾ ਜੀਵਨ ਸਾਰੀ ਦੁਨੀਆਂ ਦੀਆਂ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ। ਇਹਨਾਂ ਔਰਤਾਂ ਵਿਚ ਦਲੇਰੀ ਸੀ, ਇਹ ਨੈਤਿਕ ਤੌਰ 'ਤੇ ਉਚੀਆਂ ਕਦਰਾਂ ਕੀਮਤਾਂ ਦੀਆਂ ਧਾਰਨੀ ਸਮ, ਹਮੇਸ਼ਾ ਸੱਚ ਦੀ ਗੱਲ ਕਰਦੀਆਂ ਸਨ ਤੇ ਇਨਸਾਫ਼ ਲਈ ਖੜ੍ਹੀਆਂ ਹੁੰਦੀਆਂ ਸਨ। ਇਹ ਸਾਨੂੰ ਸੱਚਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀਆ ਸਨ। 

ਇਸ ਸ਼ੋਅ ਦਾ ਨਿਰਦੇਸ਼ਨ ਰੂਚੀ ਨਾਰਾਇਣ ਨੇ ਕੀਤਾ ਹੈ। ਇਸ ਵਿਚ ਕਿਆਰਾ ਅਡਵਾਨੀ ਤੋਂ ਇਲਾਵਾ ਆਕਾਂਸ਼ਾ ਰੰਜਨ ਕਪੂਰ, ਤਾਹਿਰ ਸ਼ਬੀਰ ਅਤੇ ਗੁਰਫਤਿਹ ਸਿੰਘ ਪੀਰਜ਼ਾਦਾ ਨੇ ਕੰਮ ਕੀਤਾ ਹੈ। ਇਹ ਫਿਲਮ 6 ਮਾਰਚ ਯਾਨੀ ਅੱਜ ਤੋਂ ਨੈੱਟਫਲਿਕਸ ‘ਤੇ ਰੀਲੀਜ਼ ਹੋਵੇਗੀ। ਇਹ ਸੀਰੀਜ਼ ਕਰਨ ਜੋਹਰ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਨੀਨਾ ਨੇ ਇਸ ਸ਼ੋਅ ਵਿਰੁੱਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।