ਮੋਟਰਸਾਈਕਲ ਸਵਾਰਾਂ ਦੀ ਵਿਸ਼ਵ ਯਾਤਰਾ ਅੰਤਮ ਪੜਾਅ ਤਹਿਤ ਪਾਕਿਸਤਾਨ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿ ਵਿਚ ਤਕਰੀਬਨ ਤਿੰਨ ਦਿਨ ਦੇ ਪੜਾਅ ਦੌਰਾਨ ਵੱਖ-ਵੱਖ ਗੁਰਧਾਮਾਂ ਵਿਚ ਨਤਮਸਤਕ ਹੋਣ ਉਪਰੰਤ ਵਾਹਗਾ ਸਰਹੱਦ ਰਾਹੀਂ ਪੂਰਬੀ ਪੰਜਾਬ ਵਿਚ ਦਾਖ਼ਲ ਹੋਣਗੇ 

Motorcycle riders

ਸਰੀ (ਕੈਨੇਡਾ) : ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਸਰੀ (ਕੈਨੇਡਾ) ਦੇ 6 ਮੋਟਰਸਾਈਕਲ ਸਵਾਰ ਉਦਮੀ ਪੰਜਾਬੀਆਂ ਦੇ ਇਕ ਜਥੇ ਵਲੋਂ ਲਗਭਗ ਇਕ ਮਹੀਨਾ ਪਹਿਲਾਂ ਕੈਨੇਡਾ ਤੋਂ ਪੰਜਾਬ ਦੀ ਇਤਿਹਾਸਕ ਧਰਤੀ ਸੁਲਤਾਨਪੁਰ ਲੋਧੀ ਤਕ ਆਰੰਭ ਕੀਤੀ ਵਿਸ਼ਵ ਯਾਤਰਾ ਹੁਣ ਅਪਣੇ ਅੰਤਮ ਪੜਾਅ ਤਹਿਤ ਪਾਕਿਸਤਾਨ ਪਹੁੰਚ ਚੁਕੀ ਹੈ।

ਇਸ ਪੱਤਰਕਾਰ ਨਾਲ ਫ਼ੋਨ 'ਤੇ ਯਾਤਰਾ ਦੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਉਕਤ ਜਥੇ ਦੇ ਮੈਂਬਰਾਂ ਨੇ ਦਸਿਆ ਕਿ ਉਹ ਯਾਤਰਾ ਦੇ ਅਖ਼ੀਰਲੇ ਪੜਾਅ ਤਹਿਤ ਅਰਬ ਦੇਸ਼ਾਂ ਤੋਂ ਹੁੰਦੇ ਹੋਏ ਹੁਣ ਪਾਕਿਸਤਾਨ ਦਾਖ਼ਲ ਹੋ ਚੁਕੇ ਹਨ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤੁਰਕੀ ਅਤੇ ਇਰਾਨ ਵਿਚ ਵੀ ਲੰਬਾ ਸਫ਼ਰ ਤੈਅ ਕੀਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਈਰਾਨ ਦੇ ਸ਼ਹਿਰ ਤਹਿਰਾਨ ਅਤੇ ਜਹਿਦਾਨ ਵਿਚ ਸਥਿਤ ਗੁਰੂ ਘਰਾਂ ਵਿਚ ਹਾਜ਼ਰੀ ਵੀ ਭਰੀ।

ਜਥੇ ਦੇ ਮੈਂਬਰਾਂ ਨੇ ਅੱਗੇ ਦਸਿਆ ਕਿ ਇਸ ਮਗਰੋਂ ਉਹ ਈਰਾਨ ਪਾਕਿਸਤਾਨ ਸਰਹੱਦ 'ਤੇ ਸਥਿਤ ਮਿਗਜਾ ਵੇਅ ਕੌਮਾਂਤਰੀ ਸਰਹੱਦ ਰਾਹੀਂ ਉਹ ਈਰਾਨ ਤੋਂ ਪਾਕਿਸਤਾਨ ਦਾਖ਼ਲ ਹੋਏ ਜਿਸ ਦੌਰਾਨ ਸਰਹੱਦ 'ਤੇ ਮੌਜੂਦ ਪਾਕਿ ਅਧਿਕਾਰੀਆਂ ਵਲੋਂ ਬੜੀ ਹੀ ਗਰਮਜੋਸ਼ੀ ਨਾਲ ਸਾਡੇ ਜਥੇ ਦਾ ਸਵਾਗਤ ਕੀਤਾ ਗਿਆ ਅਤੇ ਸਾਨੂੰ ਦੇਸੀ ਘਿਉ ਨਾਲ ਬਣੇ ਪਰੌਂਠੇ ਛਕਾਏ ਗਏ। ਇਸ ਮਗਰੋਂ ਹੁਣ ਉਹ ਅਪਣੇ ਅਗਲੇਰੇ ਪੜਾਅ ਲਈ ਪਾਕਿਸਤਾਨ ਦੇ ਰੇਤਲੇ ਇਲਾਕੇ ਬਲੋਚਿਸਤਾਨ ਵਲ ਰਵਾਨਾ ਹੋ ਗਏ ਹਲ। ਅੰਤ ਵਿਚ ਉਨ੍ਹਾਂ ਦਸਿਆ ਕਿ ਪਾਕਿ ਵਿਚ ਤਕਰੀਬਨ ਤਿੰਨ ਦਿਨ ਦੇ ਪੜਾਅ ਦੌਰਾਨ ਉਹ ਵੱਖ ਵੱਖ ਗੁਰਧਾਮਾਂ ਵਿਚ ਨਤਮਸਤਕ ਹੋਣ ਉਪਰੰਤ ਵਾਹਗਾ ਸਰਹੱਦ ਰਾਹੀਂ ਪੂਰਬੀ ਪੰਜਾਬ ਵਿਚ ਦਾਖ਼ਲ ਹੋਣਗੇ।