ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਵਲੋਂ ਸੰਵਿਧਾਨ ਨੂੰ ਖ਼ਤਮ ਕਰਨਾ ਮੰਦਭਾਗਾ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸੇ ਤਰ੍ਹਾਂ ਹਿੱਟਲਰ ਨੇ ਜਰਮਨ ਵਿਚ ਕੀਤਾ ਸੀ

Simranjit Singh Mann

ਫਗਵਾੜਾ : ਜੰਮੂ-ਕਸ਼ਮੀਰ ਲੱਦਾਖ ਦੇ ਵਿਚ ਕੇਂਦਰ ਸਰਕਾਰ ਵਲੋਂ ਜਮਹੂਰੀਅਤ ਅਤੇ ਸੰਵਿਧਾਨ ਨੂੰ ਖ਼ਤਮ ਕਰਨਾ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹਿੱਟਲਰ ਨੇ ਜਰਮਨ ਵਿਚ ਕੀਤਾ ਸੀ ਜਦੋਂ ਵੀਮਰ ਰਿਪਬਲਿਕਨ ਨੂੰ ਖ਼ਤਮ ਕਰ ਕੇ ਜਦੋਂ ਅਪਣਾ ਤਾਨਾਸ਼ਾਹੀ ਰਾਜ ਕਾਇਮ ਕੀਤਾ ਸੀ, ਅਸੀ ਸਮਝਦੇ ਹਾਂ ਕਿ ਜੋ ਕਸ਼ਮੀਰੀ ਲੀਡਰ ਹਨ ਇਹ ਸਾਰੇ ਭਾਰਤ ਨਾਲ ਗੱਲਬਾਤ ਬਹੁਤ ਨੇੜੇ ਦੀ ਕਰਦੇ ਰਹੇ ਹਨ ਪਰ ਇਨ੍ਹਾਂ ਕੋਲ ਕੋਈ ਅਜਿਹਾ ਲੀਡਰ ਨਹੀਂ ਹੋਇਆ ਜਿਹੋ ਜਿਹਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਹੋਏ ਹਨ ਜੋ ਅਪਣੇ ਹੱਕ ਲੈਣ ਲਈ ਆਖ਼ਰੀ ਦਮ ਤਕ ਲੜਦੇ ਰਹੇ ਹਨ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਪਾਰਟੀ ਦੀ ਇੰਗਲੈਂਡ ਇਕਾਈ ਦੇ ਮੀਡੀਆ ਇੰਚਾਰਜ ਜਗਤਾਰ ਸਿੰਘ ਵਿਰਕ ਦੇ ਘਰ ਉਨ੍ਹਾਂ ਦੇ ਭਰਾ ਜਗਜੀਤ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਮਾਨ ਨੇ ਕਿਹਾ ਕਿ ਜਿਹੜਾ ਲੱਦਾਖ ਹੈ ਇਹ ਸਿੱਖ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਿਹ ਕੀਤਾ ਸੀ ਅਤੇ ਜਿਹੜੀ ਚੀਨ ਨਾਲ ਭਾਰਤ ਦੀ ਲੜਾਈ 1962 ਵਿਚ ਹੋਈ ਸੀ ਉਦੋਂ ਭਾਰਤ ਨੇ 39 ਹਜ਼ਾਰ ਕਿਲੋਮੀਟਰ ਧਰਤੀ 'ਤੇ ਚੀਨ ਦਾ ਕਬਜ਼ਾ ਕਰਵਾ ਦਿਤਾ ਸੀ ਅਤੇ ਅਸੀ ਚੀਨ ਨੂੰ ਕਿਹਾ ਸੀ ਕਿ ਜਦੋਂ ਤੁਸੀ ਲੱਦਾਖ ਦਾ ਫ਼ੈਸਲਾ ਕਰਨਾ ਹੈ ਉਸ ਵਿਚ ਸਿੱਖ ਕੌਮ ਦੀ ਪੇਸ਼ਕਸ਼ ਜ਼ਰੂਰ ਹੋਣੀ ਚਾਹੀਦੀ ਹੈ।

ਹੁਣ ਜਦੋਂ ਭਾਰਤ ਨੇ ਬਿਨਾਂ ਪੁਛਿਆ ਲੱਦਾਖ 'ਤੇ ਕਬਜ਼ਾ ਕਰ ਲਿਆ ਹੈ ਤਾਂ ਅਸੀ ਚੀਨ ਨੂੰ ਪੁਛਣਾ ਚਾਹੁੰਦੇ ਹਾਂ ਕਿ ਹੁਣ ਤੁਹਾਡਾ ਭਾਰਤ ਦੇ ਇਸ ਫ਼ੈਸਲੇ ਬਾਰੇ ਕੀ ਵਿਚਾਰ ਜਾਂ ਸੋਚ ਹੈ। ਇਸ ਮੌਕੇ ਉਨ੍ਹਾਂ ਨਾਲ ਮਨਿੰਦਰਜੀਤ ਸਿੰਘ, ਜਗਤਾਰ ਸਿੰਘ ਇੰਗਲੈਂਡ, ਜਥੇਦਾਰ ਰਜਿੰਦਰ ਸਿੰਘ ਫ਼ੌਜੀ, ਸੁੱਚਾ ਸਿੰਘ ਬਿਸ਼ਨਪੁਰ ਦਿਹਾਤੀ ਪ੍ਰਧਾਨ, ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਰਪ ਇਕਾਈ, ਤਰਲੋਕ ਸਿੰਘ ਪਿੰਡ ਢੱਡਾ, ਹਰਬੰਸ ਸਿੰਘ ਆਦਿ ਹਾਜ਼ਰ ਸਨ।