ਅਯੋਧਿਆ 'ਚ ਗਿਆਨੀ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਹਿਣ 'ਤੇ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਸਮ ਗ੍ਰੰਥ, ਸੂਰਜ ਪ੍ਰਕਾਸ਼ ਅਤੇ ਗੁਰਬਿਲਾਸ ਪਾਤਸ਼ਾਹੀ ਆਦਿ ਪੁਸਤਕਾਂ ਦੀ ਚਰਚਾ

Giani Iqbal Singh

ਕੋਟਕਪੂਰਾ: ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਗਿਆਨੀ ਇਕਬਾਲ ਸਿੰਘ ਪਟਨਾ ਨੇ ਅਯੋਧਿਆ 'ਚ ਜਾ ਕੇ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਆਖਣ ਦੇ ਦਿਤੇ ਬਿਆਨ ਨੇ ਜਿਥੇ ਪੰਥਕ ਹਲਕਿਆਂ 'ਚ ਤਰਥੱਲੀ ਮਚਾ ਦਿਤੀ ਹੈ, ਉਥੇ ਸ਼ੋਸਲ ਮੀਡੀਏ ਰਾਹੀਂ ਪੰਥਦਰਦੀਆਂ ਵਲੋਂ ਗਿਆਨੀ ਇਕਬਾਲ ਸਿੰਘ ਵਿਰੁਧ ਐਨੀ ਇਤਰਾਜ਼ਯੋਗ ਤੇ ਸਖ਼ਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਿਸ ਨੂੰ ਇਨ੍ਹਾਂ ਕਾਲਮਾਂ 'ਚ ਬਿਆਨ ਕਰਨਾ ਬੜਾ ਮੁਸ਼ਕਲ ਜਾਪਦਾ ਹੈ।

ਪੱਤਰਕਾਰ ਵਲੋਂ ਗਿਆਨੀ ਇਕਬਾਲ ਸਿੰਘ ਨੂੰ ਪ੍ਰਤੀਕਰਮ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸੋਢੀ ਖ਼ਾਨਦਾਨ ਰਾਮ ਚੰਦਰ ਦੇ ਪੁੱਤਰ ਲਵ ਦੀ ਵੰਸ਼ 'ਚੋਂ ਜਦਕਿ ਗੁਰੂ ਨਾਨਕ ਦੇਵ ਜੀ ਦਾ ਬੇਦੀ ਖ਼ਾਨਦਾਨ ਕੁਸ਼ ਦੀ ਵੰਸ਼ 'ਚੋਂ ਹੋਣ ਕਰ ਕੇ ਇਕ ਤਖ਼ਤ ਦੇ ਜਥੇਦਾਰ ਦੇ ਤੌਰ 'ਤੇ ਉਸ ਨੂੰ ਨਰਿੰਦਰ ਮੋਦੀ ਵਲੋਂ ਬਕਾਇਦਾ ਸੱਦਾ ਪੱਤਰ ਮਿਲਿਆ ਹੈ ਜਿਸ ਕਰ ਕੇ ਉਹ ਇਥੇ ਪੁੱਜੇ ਹਨ।

ਭਾਵੇਂ ਸੋਸ਼ਲ ਮੀਡੀਏ ਰਾਹੀਂ ਗਿਆਨੀ ਇਕਬਾਲ ਸਿੰਘ ਦੇ ਉਕਤ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਅਤੇ ਨੁਕਤਾਚੀਨੀ ਹੋ ਰਹੀ ਹੈ ਪਰ ਕੁੱਝ ਕੁ ਪੰਥਦਰਦੀਆਂ ਦੇ ਪ੍ਰਤੀਕਰਮ ਇਥੇ ਦਰਜ ਕਰਨੇ ਜ਼ਰੂਰੀ ਹਨ। ਇਕ ਨੇ ਬਚਿੱਤਰ ਨਾਟਕ (ਦਸਮ ਗ੍ਰੰਥ) ਅਤੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਸਹੀ ਦੱਸਣ ਵਾਲਿਆਂ ਨੂੰ ਜਵਾਬਦੇਹ ਬਣਾਉਂਦਿਆਂ ਆਖਿਆ ਕਿ ਹੁਣ ਉਹ ਦਸਣ ਕਿ ਗਿਆਨੀ ਇਕਬਾਲ ਸਿੰਘ ਨੇ ਉਕਤ ਵਿਵਾਦਤ ਪੁਸਤਕਾਂ (ਅਖੌਤੀ ਗ੍ਰੰਥਾਂ) ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕੀਤੀ?

ਦੂਜੇ ਨੇ ਆਖਿਆ ਕਿ ਹੁਣ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਅਤੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਹੱਕ 'ਚ ਬੋਲਣ ਵਾਲੇ ਅਖੌਤੀ ਸਿੱਖਾਂ ਨੂੰ ਗਿਆਨੀ ਇਕਬਾਲ ਸਿੰਘ ਦਾ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ। ਤੀਜੇ ਨੇ ਗਿਆਨੀ ਇਕਬਾਲ ਸਿੰਘ ਦੇ ਆਚਰਣ 'ਤੇ ਧਾਵਾ ਬੋਲਿਆ। ਚੌਥੇ ਨੇ ਇਸ ਮਾਮਲੇ 'ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਜਵਾਬ ਮੰਗਿਆ, ਪੰਜਵੇਂ ਨੇ ਦਾਅਵਾ ਕੀਤਾ ਕਿ ਗਿਆਨੀ ਇਕਬਾਲ ਸਿੰਘ ਬਾਦਲਾਂ ਦੇ ਕਹਿਣ 'ਤੇ ਹੀ ਅਯੋਧਿਆ ਗਏ।

ਛੇਵੇਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਸੀਹਤ ਦਿਤੀ ਕਿ ਉਹ ਅਜਿਹੇ ਅਖੌਤੀ ਜਥੇਦਾਰਾਂ ਨੂੰ ਵਿਵਾਦਤ ਬਿਆਨ ਦੇਣ ਤੋਂ ਸਖ਼ਤੀ ਨਾਲ ਰੋਕਣ। ਸਤਵੇਂ ਨੇ ਆਖਿਆ ਕਿ ਗਿਆਨੀ ਇਕਬਾਲ ਸਿੰਘ ਤਾਂ ਪਹਿਲੇ ਦਿਨ ਤੋਂ ਹੀ ਲਵ ਕੁਸ਼ ਦੀ ਔਲਾਦ ਹੈ ਪਰ ਸਾਰੀ ਕੌਮ ਨੂੰ ਲਵ ਕੁਸ਼ ਦੀ ਔਲਾਦ ਕਹਿਣ ਦਾ ਆਖ਼ਰ ਇਸ ਨੂੰ ਅਧਿਕਾਰ ਕਿਸ ਨੇ ਦੇ ਦਿਤਾ? ਕੋਈ ਉੁਸ ਨੂੰ ਪੰਥ ਵਿਰੋਧੀ ਸ਼ਕਤੀਆਂ ਅਤੇ ਕੋਈ ਆਰ.ਐਸ.ਐਸ. ਦਾ ਹੱਥਠੌਕਾ ਦਰਸਾ ਕੇ ਗੁੱਸਾ ਕੱਢ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।