'ਸਿੱਖਾਂ ਕੋਲੋਂ ਨਹੀਂ ਖੁਸਿਆ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ'
ਪਾਕਿ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਕੋਲ ਕੀਤਾ ਪ੍ਰਗਟਾਵਾ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਾਕਿਸਤਾਨ ਸਰਕਾਰ ਵਲੋਂ ਇਤਿਹਾਸਕ ਗੁਰਦਵਾਰਾ ਦਰਬਾਰ ਸਾਹਿਰ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲੋਂ ਖੋਹ ਲਿਆ ਗਿਆ ਹੋਣ ਦੀ ਚਰਚਿਤ ਖ਼ਬਰ ਦਾ ਦੂਜਾ ਪਹਿਲੂ ਵੀ ਸਾਹਮਣੇ ਆ ਗਿਆ ਹੈ ਜਿਸ ਮੁਤਾਬਕ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਮੀਡੀਆ ਦੇ ਇਕ ਵੱਡੇ ਹਿੱਸੇ ਵਲੋਂ ਪ੍ਰਚਾਰੀ ਜਾ ਰਹੀ ਇਸ ਖ਼ਬਰ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
ਭਾਰਤ ਤੋਂ ਬਾਹਰ ਸਿੱਖਾਂ ਦੀ ਪ੍ਰਮੁੱਖ ਨੁਮਾਇੰਦਾ ਜਮਾਤ ਵਜੋਂ ਜਾਣੀ ਜਾਂਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਵੰਤ ਸਿੰਘ ਨੇ ਇਸ ਬਾਰੇ ਪਾਕਿਸਤਾਨ ਦੀ ਕੌਮੀ ਰਾਜਧਾਨੀ ਇਸਲਾਮਾਬਾਦ ਤੋਂ ਇਸ ਪੱਤਰਕਾਰ ਨਾਲ ਉਚੇਚੀ ਗੱਲਬਾਤ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿਸਤਾਨ ਦੇ ਹੋਰਨਾਂ ਸਿੱਖ ਗੁਰਧਾਮਾਂ ਸਣੇ ਸ੍ਰੀ ਦਰਬਾਰ ਸਾਹਿਬ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਰਹਿਤ ਮਰਿਆਦਾ ਤੇ ਸੇਵਾ ਸੰਭਾਲ ਦਾ ਜ਼ਿੰਮਾ ਪਹਿਲਾਂ ਦੀ ਤਰ੍ਹਾਂ ਸਿੱਖਾਂ ਖ਼ਾਸਕਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਬਾਅਦ ਗ਼ੈਰ ਮੁਸਲਿਮ ਧਾਰਮਕ ਅਸਥਾਨਾਂ ਤੇ ਹੋਰਨਾਂ ਥਾਵਾਂ ਦੇ ਰੱਖ ਰਖਾਅ ਤੇ ਬਾਹਰੀ ਪ੍ਰਬੰਧਾਂ ਹਿਤ ਗਠਤ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ( ਈ ਟੀ ਪੀ ਬੀ) ਪਾਕਿਸਤਾਨ ਨੂੰ ਹੀ ਮੁੜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਦੇ ਬਾਹਰੀ ਪ੍ਰਬੰਧਾਂ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਭਾਰਤੀ ਸਰਹੱਦ ਤੋਂ ਕੌਮਾਂਤਰੀ ਲਾਂਘਾ ਬਣਾਉਣ ਮੌਕੇ ਇਸ ਕਾਰਜ ਵਿਚ ਪਾਕਿਸਤਾਨ ਦੇ ਕਈ ਵੱਡੇ ਵੱਡੇ ਮੰਤਰਾਲੇ ਤੇ ਵਿਭਾਗ ਸ਼ਾਮਲ ਕਰਨੇ ਪੈ ਗਏ ਸਨ। ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਨਾਲ ਜੁੜੇ ਸਰੋਕਾਰਾਂ ਕਰ ਕੇ ਉਸ ਵੇਲੇ ਆਰਜ਼ੀ ਤੌਰ 'ਤੇ ਈਟੀਪੀਬੀ ਤੋਂ ਇਹ ਪ੍ਰਬੰਧ ਲੈ ਲਏ ਗਏ ਸਨ। ਜਦਕਿ ਇਸ ਤੋਂ ਪਹਿਲਾਂ ਵੀ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰੀ ਪ੍ਰਬੰਧ ਤੇ ਹੋਰ ਇੰਤਜ਼ਾਮ ਦਾ ਜਿੰਮਾ ਵੀ ਈਟੀਪੀਬੀ ਕੋਲ ਹੀ ਸੀ।
ਸੋ ਇਸ ਕਰ ਕੇ ਹੁਣ ਕੌਮਾਂਤਰੀ ਲਾਂਘੇ ਦਾ ਨਿਰਮਾਣ ਕਾਰਜ ਤੇ ਹੋਰ ਲੋੜੀਂਦੀਆਂ ਗਤੀਵਿਧੀਆਂ ਸੰਪੂਰਨ ਹੋ ਜਾਣ ਤੋਂ ਬਾਅਦ ਇਹ ਜ਼ਿੰਮਾ ਈਟੀਪੀਬੀ ਨੂੰ ਸਿਰਫ਼ ਮੁੜ ਸੌਂਪਿਆ ਗਿਆ ਹੈ। ਜਦਕਿ ਪਾਕਿਸਤਾਨ ਸਥਿਤ ਹੋਰਨਾਂ ਗੁਰੂਧਾਮਾਂ ਦੀ ਧਾਰਮਕ ਸੇਵਾ ਸੰਭਾਲ ਦਾ ਜਿੰਮਾ ਪਹਿਲਾਂ ਦੀ ਤਰ੍ਹਾਂ ਹੀ ਸਿੱਖਾਂਂ ਖ਼ਾਸਕਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ।
ਉਨ੍ਹਾਂ ਇਹ ਵੀ ਸਪਸ਼ਟ ਤੌਰ 'ਤੇ ਕਿਹਾ ਕਿ ਕਿਸੇ ਵੀ ਮੁਲਕ ਅੰਦਰ ਮੌਜੂਦ ਧਾਰਮਕ ਅਸਥਾਨਾਂ, ਇਮਾਰਤਾਂ ਜਾਂ ਹੋਰ ਚੀਜ਼ਾਂ ਦੇ ਰੱਖ ਰਖਾਅ, ਪ੍ਰਬੰਧਾਂ ਜਾਂ ਹੋਰ ਪ੍ਰਸ਼ਾਸਨਿਕ ਕਾਰਜਾਂ ਬਾਰੇ ਫ਼ੈਸਲਾ ਉਸ ਮੁਲਕ ਦਾ ਅੰਦਰੂਨੀ ਮਸਲਾ ਜਾਂ ਵਿਸ਼ਾ ਹੈ ਕਿਸੇ ਦੂਸਰੇ ਮੁਲਕ ਖ਼ਾਸਕਰ ਦੂਸਰੇ ਮੁਲਕ ਦੇ ਪਾਕਿਸਤਾਨ ਵਿਰੋਧੀ ਮੀਡੀਆ ਨੂੰ ਉਸ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਦੀ ਬਦੌਲਤ ਹੀ ਹੈ ਕਿ ਸੈਂਕੜੇ ਏਕੜ ਜ਼ਮੀਨ ਖ਼ਰੀਦ ਕੇ ਕਰਤਾਰਪੁਰ ਸਾਹਿਬ ਲਾਂਘਾ ਹੋਂਦ ਵਿਚ ਲਿਆਂਦਾ ਗਿਆ ਤੇ ਹੋਰ ਉਸਾਰੀ ਕਾਰਜ ਕੀਤੇ ਗਏ ਹਨ।
ਦਸਣਯੋਗ ਹੈ ਕਿ ਮੀਡੀਆ ਦੇ ਇਕ ਵੱਡੇ ਹਿੱਸੇ ਵਲੋਂ ਵੀਰਵਾਰ ਸਵੇਰ ਤੋਂ ਹੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧ ਸਿੱਖਾਂ ਤੋਂ ਵਾਪਸ ਲੈ ਕੇ 9 ਮੁਸਲਿਮ ਮੈਂਬਰਾਂ ਵਾਲੀ ਨਵੀਂ ਬਾਡੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ ਐਮ ਯੂ) ਨੂੰ ਦੇ ਦਿਤਾ ਹੈ। ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਇਸ ਬਾਬਤ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਮੁਤਾਬਕ ਪਾਕਿਸਤਾਨ ਦੇ ਧਾਰਮਕ ਮਾਮਲਿਆਂ ਬਾਰੇ ਮੰਤਰਾਲੇ ਨੇ ਇਹ ਪੀ.ਐਮ.ਯੂ. ਬਣਾਇਆ ਹੈ ਜੋ ਗੁਰਦਵਾਰਾ ਦਰਬਾਰ ਸਾਹਿਰ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੇ ਰੱਖ ਰੱਖਾਅ ਵੇਖੇਗਾ। ਹੁਕਮ ਮੁਤਾਬਕ ਵਜ਼ਾਰਤੀ ਆਰਥਕ ਤਾਲਮੇਲ ਕਮੇਟੀ ਨੇ ਇਸ ਪੀ ਐਮ ਯੂ ਵਾਸਤੇ ਪ੍ਰਵਾਨਗੀ ਦੇ ਦਿਤੀ ਹੈ ਤੇ ਇਹ ਸੈਲਫ਼-ਫ਼ਾਈਨੈਨਸਿੰਗ ਬਾਡੀ ਹੋਵੇਗੀ। ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸਕੱਤਰ ਤਾਰਿਕ ਖ਼ਾਨ ਨੂੰ ਸੀ ਈ ਓ ਨਿਯੁਕਤ ਕੀਤਾ ਗਿਆ ਹੈ ਤੇ ਇਸ ਵਿਚ 8 ਹੋਰ ਮੁਸਲਿਮ ਮੈਂਬਰ ਸ਼ਾਮਲ ਕੀਤੇ ਗਏ ਹਨ ਜੋ ਸਾਰੇ ਈ ਟੀ ਬੀ ਪੀ ਦੇ ਅਧਿਕਾਰੀ ਹਨ।