ਸ਼ਾਂਤੀ ਦਾ ਸੁਨੇਹਾ ਦੇ ਕੇ ਇਮਰਾਨ ਨੇ ਦੁਸ਼ਮਣੀ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼ : ਪ੍ਰੋ. ਧੂੰਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਬੋਹਰ : ਅਪਣੇ ਆਪ ਵਿਚੋਂ ਹੀ ਚੰਗੇ ਗੁਣ ਪ੍ਰਗਟ ਕਰਨਾ ਹੀ ਅਸਲ 'ਚ ਰੱਬ ਦੀ ਪ੍ਰਾਪਤੀ ਹੈ। ਭਾਰਤ ਅਤੇ ਪਾਕਿਸਤਾਨ ਦੇ ਤਣਾਅ ਭਰੇ ਮਾਹੌਲ 'ਚ ਬਹੁਤਾਤ ਭਾਰਤੀ ਮੀਡੀਆ...

Pro. Sarabjit Singh Dhunda

ਅਬੋਹਰ : ਅਪਣੇ ਆਪ ਵਿਚੋਂ ਹੀ ਚੰਗੇ ਗੁਣ ਪ੍ਰਗਟ ਕਰਨਾ ਹੀ ਅਸਲ 'ਚ ਰੱਬ ਦੀ ਪ੍ਰਾਪਤੀ ਹੈ। ਭਾਰਤ ਅਤੇ ਪਾਕਿਸਤਾਨ ਦੇ ਤਣਾਅ ਭਰੇ ਮਾਹੌਲ 'ਚ ਬਹੁਤਾਤ ਭਾਰਤੀ ਮੀਡੀਆ ਬਲਦੀ 'ਤੇ ਭਾਂਬੜ ਮਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਜਦਕਿ ਪਾਕਿ ਵਾਲੇ ਸ਼ਾਂਤੀ ਦੂਤ ਭੇਜ ਕੇ ਅਮਨ ਦਾ ਪੈਗ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸੁਖਬੀਰ ਬਾਦਲ ਵਰਗੇ ਲੀਡਰ ਕਹਿ ਰਹੇ ਹਨ ਕਿ ਇਮਰਾਨ ਖ਼ਾਨ ਮੋਦੀ ਤੋਂ ਡਰ ਗਿਆ। 

ਉਕਤ ਵਿਚਾਰ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਵਲੋਂ ਸਥਾਨਕ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਕਰਵਾਏ ਗਏ ਗੁਰਮਤਿ ਵਿਚਾਰ ਸਮਾਗਮ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ.ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਹੇ। ਪ੍ਰੋ.ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਸਿਆਣਾ ਬੰਦਾ ਦੁਸਮਣ ਨਹੀਂ ਮਾਰਦਾ ਬਲਕਿ ਦੁਸ਼ਮਣੀ ਖ਼ਤਮ ਕਰਦਾ ਹੈ ਤੇ ਇਮਰਾਨ ਖ਼ਾਨ ਨੇ ਅਜਿਹਾ ਕਰ ਕੇ ਦਿਖਾ ਦਿਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦਾ ਆਵਾਮ ਸ਼ਾਂਤੀ ਚਾਹੁੰਦਾ ਹੈ ਪਰ ਕੁੱਝ ਲੋਕ ਇਸ 'ਤੇ ਵੀ ਸਿਆਸੀ ਰੋਟੀ ਸੇਕ ਕੇ ਅਪਣੇ ਉੱਲੂ ਸਿੱਧਾ ਕਰਨ ਨੂੰ ਫਿਰਦੇ ਸਨ।

ਪ੍ਰੋ.ਧੂੰਦਾ ਨੇ ਕਿਹਾ ਕਿ ਦਰਬਾਰ ਸਾਹਿਬ ਵਿਚ ਕਿਸੇ ਸਮੇਂ ਜੱਸਾ ਸਿੰਘ ਆਹਲੂਵਾਲੀਆਂ ਦੀ ਮਾਤਾ ਵੀ ਕੀਰਤਨ ਕਰਦੀ ਰਹੀ ਹੈ ਜਦਕਿ ਹੁਣ ਦੇ ਪੁਜਾਰੀਆਂ ਨੇ ਬੀਬੀਆਂ ਦੇ ਕੀਰਤਨ ਕਰਨ ਦੀ ਪਾਬੰਦੀ ਲਗਾ ਦਿਤੀ ਹੋਈ ਹੈ ਜਦਕਿ ਗੁਰੂ ਨਾਨਕ ਸਾਹਿਬ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਾ ਦਰਜਾ ਦਿੰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅਪਣੇ ਘਰਾਂ ਵਿਚ ਖ਼ੁਦ ਸਹਿਜਪਾਠ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਭਾਈ ਮੰਗਲ ਸਿੰਘ ਅਤੇ ਬੀਬੀ ਜਸਵਿੰਦਰ ਕੌਰ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਸੰਸਥਾ ਪ੍ਰਬੰਧਕਾਂ ਵਲੋਂ ਪ੍ਰੋ.ਸਰਬਜੀਤ ਸਿੰਘ ਧੂੰਦਾ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਧਾਰਮਕ ਸਾਹਿਤ ਦਾ ਸਟਾਲ ਵੀ ਲਗਾਇਆ ਗਿਆ।