ਪਾਕਿ ਦੇ ਸਿੱਖਾਂ ਨੇ 'ਸਾਕਾ ਨੀਲਾ ਤਾਰਾ' ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ 'ਤੇ ਭਾਰਤੀ ਫ਼ੌਜ ਵਲੋਂ 'ਨੀਲਾ ਤਾਰਾ' ਦੇ ਨਾਮ ਹੇਠ ਕੀਤੀ ਗਈ ਫ਼ੌਜੀ ਕਾਰਵਾਰੀ ਦੀ 36 ਵੀਂ ਬਰਸੀ

Sri Harmandir Sahib

ਜੰਮੂ  : ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ 'ਤੇ ਭਾਰਤੀ ਫ਼ੌਜ ਵਲੋਂ 'ਨੀਲਾ ਤਾਰਾ' ਦੇ ਨਾਮ ਹੇਠ ਕੀਤੀ ਗਈ ਫ਼ੌਜੀ ਕਾਰਵਾਰੀ ਦੀ 36 ਵੀਂ ਬਰਸੀ ਦੇ ਮੌਕੇ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਸਰਕਾਰ ਵਿਰੁਧ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਅਤੇ ਬਾਹਰ ਜੂਨ 1984 ਸਾਕਾ ਨੀਲਾ ਤਾਰਾ ਵਿਚ ਸ਼ਹੀਦ ਹੋਏ ਸਿੰਘਾਂ ਅਤੇ ਢੱਠੇ ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਲਗਾਇਆ ਗਈਆਂ ਸਨ।

ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਪਾਕਿਸਤਾਨ ਸਿੱਖ  ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ 'ਤੇ ਹੋਏ ਫ਼ੌਜੀ ਹਮਲੇ ਦੀ ਨਿਖੇਦੀ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਖਾਲਿਸਤਾਨ ਜਿੰਦਾਬਾਦ, ਆਰ.ਐਸ.ਐਸ  ਮੁਰਦਾਬਾਦ ਆਦਿ ਨਾਰੇਬਾਜ਼ੀ ਕੀਤੀ ਗਈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਅਮੀਰ ਸਿੰਘ ਨੇ ਇਸ ਮੌਕੇ 'ਤੇ ਬੋਲਦੇ ਹੋਏ ਕਿਹਾ ਕਿ ਸਾਕਾ ਨੀਲਾ ਤਾਰਾ ਦੀ ਯਾਦ ਵਿਚ ਅੱਜ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਇਕੱਠੇ ਹੋ ਕੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿਚ ਸ਼ਰਧਾਂਜਲੀ ਭਂੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਈ ਸਿੱਖ ਜੇਲਾਂ ਵਿਚ ਬੰਦ ਹਨ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਹੁਣ ਤਕ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਰਿਹਾ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਆਪਣੇ ਸ਼ਹੀਦਾਂ ਨੂੰ ਨਾ ਤਾਂ ਭੁੱਲੇ ਹਨ ਅਤੇ ਨਾ ਹੀ ਭੁੱਲ ਸਕਦੇ ਹਨ, ਜਿਨ੍ਹਾਂ ਆਪਣੀਆਂ ਜਾਨਾਂ ਕੌਮ ਲਈ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਜ਼ਰੂਰ ਅਪਣਾ ਅਜ਼ਾਦ ਘਰ ਮਿਲੇਗਾ।

ਇਸ ਮੌਕੇ 'ਤੇ  ਬਿਸ਼ਨ ਸਿੰਘ ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੀਤਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ,  ਕੁਲਜੀਤ ਸਿੰਘ ਨੇ ਵੀ  ਸੰਬੋਧਨ ਕੀਤਾ। ਉਧਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਵਲੋਂ ਗੁਰਦੁਆਰਾ ਬਾਬਾ ਫਤਿਹ ਸਿੰਘ ਵਿਖੇ 'ਸਾਕਾ ਨੀਲਾ ਤਾਰਾ' ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਰਾਗੀ ਦਵਿੰਦਰ ਸਿੰਘ ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ 'ਤੇ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦੇ ਪ੍ਰਧਾਨ ਤਰਲੋਚਨ ਸਿੰਘ ਵਜ਼ੀਰ ਨੇ ਬੋਲਦੇ ਹੋਏ ਕਿਹਾ ਕਿ 'ਸਾਕਾ ਨੀਲਾ ਤਾਰਾ' ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਹੁਣ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਿਹਾੜੇ ਨੂੰ ਹਰ ਸਾਲ  ਮਨਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਅਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਸਮਾਗਮ ਵਿਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਫਤਿਹ ਸਿੰਘ, ਮੈਂਬਰ ਅਵਤਾਰ ਸਿੰਘ ਖਾਲਸਾ, ਰਾਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ, ਨਰਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।