ਸਾਕਾ ਨੀਲਾ ਤਾਰਾ ਤੇ ਜਲਿਆਂਵਾਲੇ ਬਾਗ਼ ਦਾ ਸਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੂਨ '84 'ਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਨੇ ਸਿੱਖਾਂ ਨੂੰ ਸਦਾ ਲਈ ਦਿੱਲੀ........

file photo

ਜੂਨ '84 'ਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਨੇ ਸਿੱਖਾਂ ਨੂੰ ਸਦਾ ਲਈ ਦਿੱਲੀ ਨਾਲ ਪਰਾਇਆ ਬਣਾ ਦਿਤਾ। ਇਸ ਫ਼ੌਜੀ ਹਮਲੇ ਵਾਸਤੇ ਚੁਣੇ ਗਏ ਦਿਨ ਦੀ ਵੀ ਸਿੱਖ ਪੰਥ ਵਾਸਤੇ ਵਿਸ਼ੇਸ਼ ਮਹੱਤਤਾ ਸੀ।

ਇਹ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਿਰਜਕ ਤੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਇਸ ਹਮਲੇ ਦਾ ਮੰਤਵ ਪੂਰੇ ਸਿੱਖ ਜਗਤ ਨੂੰ ਜ਼ਲੀਲ ਕਰਨਾ ਤੇ ਉਸ ਨੂੰ ਸਬਕ ਸਿਖਾਉਣਾ ਸੀ।

ਇਸ ਹਮਲੇ ਨੂੰ ਸਿਰੇ ਚਾੜ੍ਹਨ ਲਈ ਪੂਰੇ ਯੋਜਨਾਬੱਧ ਤੇ ਪਹਿਲਾਂ ਤੋਂ ਸੋਚੇ-ਸਮਝੇ ਤਰੀਕੇ ਵਰਤੇ ਗਏ। ਪਰ ਜੋ ਦਿੱਲੀ ਦੇ ਹਾਕਮਾਂ ਨੇ ਚਾਹਿਆ ਸੀ, ਉਹ ਨਾ ਹੋ ਸਕਿਆ। ਇਸ ਹਮਲੇ ਨੇ ਸਮੁੱਚੀ ਸਿੱਖ ਕੌਮ ਨੂੰ ਰੋਹ ਤੇ ਗੁੱਸੇ ਨਾਲ ਭਰ ਦਿਤਾ।

ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸੰਪਾਦਨ ਕੀਤਾ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਇਸ ਦੇ ਲਗਾਤਾਰ ਪ੍ਰਕਾਸ਼ ਦੀ ਪ੍ਰੰਪਰਾ ਸ਼ੁਰੂ ਕੀਤੀ ਸੀ। ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਕੇ ਇਹ ਸਮਝ ਲਿਆ ਸੀ ਕਿ ਸਿੱਖ ਧਰਮ ਖ਼ਤਮ ਕਰ ਦਿਤਾ ਗਿਆ ਹੈ। ਪਰ ਇਸ ਦਾ ਉਲਟਾ ਅਸਰ ਹੋਇਆ।

 

 

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਤ ਸਿਪਾਹੀ ਦਾ ਬਾਣਾ ਧਾਰਨ ਕਰ ਕੇ ਜਾਬਰ ਹਕੂਮਤ ਦੀ ਚੁਨੌਤੀ ਨੂੰ ਕਬੂਲ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਸ੍ਰੀ ਅਕਾਲ ਤਖ਼ਤ ਹਕੂਮਤ ਦੇ ਜਬਰ ਵਿਰੁਧ ਸੰਘਰਸ਼ ਦਾ ਪ੍ਰਤੀਕ ਬਣ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗ਼ਲ ਸਲਤਨਤ ਵਿਰੁਧ ਕਈ ਜੰਗਾਂ ਲੜੀਆਂ ਅਤੇ ਉੁਨ੍ਹਾਂ ਨੇ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਵੀ ਕੱਟੀ।

ਮੁਗ਼ਲਾਂ ਦੇ ਜਬਰ ਖ਼ਤਮ ਹੋਣ ਤਕ 18ਵੀਂ ਸਦੀ ਦੌਰਾਨ, ਲੋਕ ਦੋਖੀ ਹਕੂਮਤ ਵਿਰੁਧ ਲੜਨ ਦੇ ਸਾਰੇ ਫ਼ੈਸਲੇ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਜਾਂਦੇ ਰਹੇ।
ਹਰ ਹਕੂਮਤ ਨੇ ਅਕਾਲ ਤਖ਼ਤ ਸਾਹਿਬ ਦੇ ਮਸਲਿਆਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤੇ ਕਈ ਵਾਰ ਇਸ 'ਤੇ ਕਬਜ਼ਾ ਵੀ ਕਰ ਲਿਆ। ਪਰ ਹਰ ਵਾਰ ਹੀ ਹਕੂਮਤ, ਸਿੱਖ ਧਰਮ ਨੂੰ ਖ਼ਤਮ ਕਰਨ 'ਚ ਅਸਫ਼ਲ ਰਹੀ।

1730 ਵਿਚ ਜਦੋਂ ਮੱਸਾ ਰੰਗੜ ਨੇ ਸ੍ਰੀ ਦਰਬਾਰ ਸਾਹਿਬ 'ਤੇ ਕਬਜ਼ਾ ਕੀਤਾ ਤਾਂ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਉਸ ਦਾ ਸਿਰ ਵੱਢ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਇਆ। ਅਫ਼ਗ਼ਾਨਿਸਤਾਨ ਤੋਂ ਹਮਲਾ ਕਰ ਕੇ ਆਉਣ ਵਾਲੇ ਧਾੜਵੀ ਅਹਿਮਦ ਸ਼ਾਹ ਅਬਦਾਲੀ ਨੇ ਵੀ ਸ੍ਰੀ ਦਰਬਾਰ ਸਾਹਿਬ ਨੂੰ ਢਾਹਿਆ।

ਭਾਈ ਗੁਰਬਖ਼ਸ਼ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਇਸ ਦਾ ਤਕੜਾ ਵਿਰੋਧ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ। ਇਸ ਹਮਲੇ ਵਿਚ ਅਹਿਮਦ ਸ਼ਾਹ ਅਬਦਾਲੀ ਫੱਟੜ ਹੋ ਗਿਆ ਤੇ ਫਿਰ ਉਹ ਕਦੇ ਵੀ ਭਾਰਤ 'ਤੇ ਹਮਲਾ ਨਾ ਕਰ ਸਕਿਆ।

ਇਕ ਸੂਫ਼ੀ ਫ਼ਕੀਰ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦਾ ਕਾਰਨ ਪੁਛਿਆ ਤਾਂ ਉਸ ਦਾ ਜਵਾਬ ਬੜਾ ਮਹੱਤਵਪੂਰਨ ਸੀ। ਉਸ ਦਾ ਕਹਿਣਾ ਸੀ ਕਿ ''ਸਿੱਖ ਇਸ ਗੁਰਦਵਾਰੇ ਵਿਚੋਂ ਆਸਰਾ ਤੇ ਉਤਸ਼ਾਹ ਲੈਂਦੇ ਹਨ।'' ਦਿੱਲੀ ਸਰਕਾਰ ਵਲੋਂ ਛਾਪੇ ਗਏ 'ਵਾਈਟ ਪੇਪਰ' ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ (ਅਪ੍ਰੇਸ਼ਨ ਬਲੂ ਸਟਾਰ) ਦੇ ਲਗਭਗ ਇਹੀ ਕਾਰਨ ਦਿਤੇ ਗਏ ਹਨ।

ਇਹ ਹਮਲਾ ਸ੍ਰੀ ਦਰਬਾਰ ਸਾਹਿਬ 'ਤੇ ਹੁਣ ਤਕ ਕੀਤੇ ਗਏ ਹਮਲਿਆਂ ਵਿਚੋਂ ਸੱਭ ਤੋਂ ਵੱਧ ਖ਼ੂਨੀ ਸੀ। ਸ੍ਰੀ ਦਰਬਾਰ ਸਾਹਿਬ 'ਤੇ ਪਹਿਲੇ ਹਮਲੇ ਵਿਦੇਸ਼ੀ ਧਾੜਵੀਆਂ ਨੇ ਕੀਤੇ ਸਨ ਪਰ ਇਸ ਵਾਰ ਇਹ ਹਮਲਾ ਮੁਲਕ ਦੀ 'ਅਪਣੀ' ਹਕੂਮਤ ਨੇ ਕੀਤਾ ਸੀ। ਦੁਨੀਆਂ ਭਰ 'ਚ ਇਹ ਸ਼ਾਇਦ ਹੀ ਕਦੇ ਹੋਇਆ ਹੋਵੇ ਕਿ ਇਕ ਦੇਸ਼ ਦੀ ਹਕੂਮਤ ਨੇ, ਅਪਣੇ ਹੀ ਲੋਕਾਂ ਦੇ ਜਜ਼ਬਾਤ ਨੂੰ ਕੁਚਲ ਕੇ, ਉੁਨ੍ਹਾਂ ਦੇ ਸੱਭ ਤੋਂ ਪਵਿੱਤਰ ਅਸਥਾਨ 'ਤੇ ਹਮਲਾ ਕੀਤਾ ਹੋਵੇ।

ਇਸ ਹਮਲੇ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸੰਤ ਜਰਨੈਲ ਸਿੰਘ ਖ਼ਾਲਸਾ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ, ਮੁੱਠੀ ਭਰ ਸਿੱਖ ਜੁਝਾਰੂਆਂ ਵਲੋਂ ਇਸ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਦੀ ਕਾਰਵਾਈ ਨੇ ਭਾਈ ਗੁਰਬਖ਼ਸ਼ ਸਿੰਘ ਦੀ ਲੜਾਈ ਦਾ ਚੇਤਾ ਕਰਵਾ ਦਿਤਾ। ਇਨ੍ਹਾਂ ਤਿੰਨਾਂ ਜਰਨੈਲਾਂ ਤੋਂ ਬਿਨਾਂ ਇਸ ਹਮਲੇ ਵਿਚ ਸ਼ਹੀਦ ਹੋਏ ਬਾਕੀ ਸਿੱਖਾਂ ਦੀਆਂ ਦੇਹਾਂ ਦੀ ਸਨਾਖ਼ਤ ਵੀ ਨਾ ਕਰਵਾਈ ਗਈ।

ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਬਜਾਏ ਉਥੇ ਹੀ ਸ਼ਹੀਦ ਹੋਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਸ਼ਹੀਦਾਂ ਦੇ ਸਬੰਧੀਆਂ ਨੂੰ ਉੁਨ੍ਹਾਂ ਦੇ ਪੰਜ ਭੂਤਕ ਸ੍ਰੀਰ ਨਾ ਦਿਤੇ ਗਏ। ਸਿੱਖ ਰੈਫ਼ਰੈਂਸ ਲਾਇਬਰੇਰੀ, ਤੋਸ਼ਾਖ਼ਾਨਾ, ਸਿੱਖ ਅਜਾਇਬ ਘਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤਬਾਹ ਕਰ ਦਿਤੇ ਗਏ।

ਇਸ ਹਮਲੇ ਦੀ ਅਗਵਾਈ ਕਰਨ ਵਾਲੇ ਫ਼ੌਜੀ ਅਫ਼ਸਰਾਂ ਨੇ ਹੁਣ ਇਹ ਲਿਖਤੀ ਤੌਰ 'ਤੇ ਕਬੂਲ ਕਰ ਲਿਆ ਹੈ ਕਿ ਇਸ ਹਮਲੇ ਵਿਚ ਟੈਂਕਾਂ ਦੀ ਵਰਤੋਂ ਕੀਤੀ ਗਈ। ਇਸ ਮੌਕੇ ਅਨੰਦਪੁਰ ਸਾਹਿਬ, ਮੁਕਤਸਰ ਤੇ ਪਟਿਆਲਾ ਆਦਿ ਜ਼ਿਲ੍ਹਿਆਂ ਵਿਚ ਹੋਰਨਾਂ ਇਤਿਹਾਸਕ ਗੁਰਦਵਾਰਿਆਂ ਨੂੰ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਸਮੁੱਚੇ ਪੰਜਾਬ ਅੰਦਰ ਕਰਫ਼ੀਊ ਲਾ ਕੇ, ਲੋਕਾਂ ਦੇ ਮਨਾਂ 'ਚ ਦਹਿਸ਼ਤ ਫੈਲਾਉਣ ਲਈ ਇਕ ਵੱਡਾ ਆਪ੍ਰੇਸ਼ਨ ਵਿਢਿਆ ਗਿਆ।

'ਆਪ੍ਰੇਸ਼ਨ ਬਲੂ ਸਟਾਰ' ਨੇ ਦੁਨੀਆਂ ਭਰ 'ਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕਰ ਦਿਤਾ ਤੇ ਉਹ ਰੋਹ ਨਾਲ ਭਰ ਗਏ। ਜੇ ਇਸ ਦੀ ਤੁਲਨਾ ਜਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਨਾਲ ਕਰੀਏ ਤਾਂ ਇਹ ਹੋਰ ਵੀ ਜ਼ਿਆਦਾ ਸ਼ਰਮਨਾਕ ਲਗਦਾ ਹੈ। ਉਦੋਂ ਸ਼ਹੀਦਾਂ ਦੀਆਂ ਦੇਹਾਂ ਦੀ ਸ਼ਨਾਖ਼ਤ ਕਰ ਕੇ, ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪੀਆਂ ਗਈਆਂ ਸਨ।

ਇਸ ਦੀ ਪੜਤਾਲ ਲਈ ਹੰਟਰ ਕਮਿਸ਼ਨ ਨੇ ਇਹ ਕਿਹਾ ਸੀ ਕਿ ਜਲਿਆਂਵਾਲੇ ਬਾਗ਼ ਵਿਚ ਨਿਰਦੋਸ਼ ਲੋਕਾਂ 'ਤੇ ਕੀਤੀ ਗਈ ਫ਼ਾਇਰਿੰਗ ਗ਼ਲਤ ਸੀ ਤਾਂ ਇਨ੍ਹਾਂ ਸ਼ਹੀਦਾਂ ਦੇ ਰਿਸ਼ਤੇਦਾਰਾਂ ਤੇ ਜ਼ਖ਼ਮੀਆਂ ਨੂੰ ਬਾਕਾਇਦਾ ਮਾਲੀ ਸਹਾਇਤਾ ਦਿਤੀ ਗਈ ਸੀ। ਪਰ ਜੂਨ '84 ਦੇ ਹਮਲੇ ਵੇਲੇ ਇਹੋ ਜਿਹਾ ਕੁੱਝ ਵੀ ਨਾ ਕੀਤਾ ਗਿਆ ਭਾਵੇਂ ਕਿ ਕਹਿਣ ਨੂੰ ਇਹ ਸਰਕਾਰ 'ਅਪਣੀ' ਸੀ ਤੇ ਉਹ ਸਰਕਾਰ ਵਿਦੇਸ਼ੀ ਸੀ।

ਇਸ ਦੌਰਾਨ ਹਜ਼ਾਰਾਂ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉੁਨ੍ਹਾਂ 'ਤੇ ਅੰਨ੍ਹਾ ਤਸ਼ੱਦਦ ਕਰ ਕੇ, ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਜੋਧਪੁਰ, ਮਾਰੂਥਲ ਵਿਚ ਇਕ ਖ਼ੂਬਸੂਰਤ ਸ਼ਹਿਰ ਦੀ ਥਾਂ ਸਿੱਖਾਂ 'ਤੇ ਜਬਰ ਦਾ ਪ੍ਰਤੀਕ ਬਣ ਗਿਆ। ਦਹਿਸ਼ਤ ਦਾ ਇਹੋ ਜਿਹਾ ਦੌਰ ਚਲਾਇਆ ਗਿਆ ਕਿ ਕਈਆਂ ਨੂੰ ਭੱਜ ਕੇ ਜਾਨ ਬਚਾਉਣੀ ਪਈ। ਬਹੁਤ ਸਾਰੇ ਸਿੱਖ ਨੌਜੁਆਨਾਂ ਨੇ ਵਿਦੇਸ਼ਾਂ ਵਿਚ ਜਾ ਕੇ ਪਨਾਹ ਲਈ।

ਸ਼ੁਰੂ ਵਿਚ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਸ ਆਪ੍ਰੇਸ਼ਨ ਦੇ ਸਿੱਟੇ ਉਲਟ ਨਿਕਲ ਰਹੇ ਹਨ। ਪਰ ਸਿੱਖਾਂ ਦੇ ਜ਼ਖ਼ਮਾਂ 'ਤੇ ਮਰ੍ਹਮ ਲਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ ਗਈ। ਇਸ ਤੋਂ ਬਾਅਦ 'ਆਪ੍ਰੇਸ਼ਨ ਵੁਡ ਰੋਜ਼' ਕੀਤਾ ਗਿਆ। ਇਹ ਆਪ੍ਰੇਸ਼ਨ ਅੰਮ੍ਰਿਤਸਰੀ ਸਿੱਖਾਂ ਨੂੰ ਮਾਰਨ ਤੇ ਤਸੀਹੇ ਦੇਣ ਦੀ ਇਕ ਯੋਜਨਾਬੱਧ ਮੁਹਿੰਮ ਸੀ। 1984 ਵਿਚ ਹੀ ਇੰਦਰਾ ਗਾਂਧੀ ਨੂੰ ਮਾਰ ਦਿਤਾ ਗਿਆ।

ਸਿੱਖਾਂ ਨੂੰ ਸਬਕ ਸਿਖਾਉਣ ਲਈ, ਸਰਕਾਰ ਦੀ ਸ਼ਹਿ 'ਤੇ, ਗੁੰਡਿਆਂ ਦੀਆਂ ਵਾਗਾਂ ਖੁਲ੍ਹੀਆਂ ਛੱਡ ਦਿਤੀਆਂ ਗਈਆਂ। ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਸ ਕਤਲੇਆਮ ਦੀ ਕੋਈ ਰੀਪੋਰਟ ਦਰਜ ਨਾ ਕੀਤੀ ਗਈ, ਕੋਈ ਮੁਕੱਦਮਾ ਨਾ ਚਲਿਆ ਅਤੇ ਕਿਸੇ ਨੂੰ ਇਸ ਦੀ ਸਜ਼ਾ ਨਾ ਮਿਲੀ।

ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਗੱਲ ਸਾਬਤ ਕਰ ਦਿਤੀ ਕਿ ਸਿੱਖਾਂ ਦਾ ਇਹ ਕਤਲੇਆਮ ਪੁਲਿਸ ਨੇ ਕੀਤਾ ਤੇ ਕਰਵਾਇਆ ਪਰ ਕਿਸੇ ਨੂੰ ਵੀ ਸਜ਼ਾ ਨਾ ਦਿਤੀ ਗਈ। ਇਹ ਗੱਲ ਸਾਬਤ ਕਰ ਦਿਤੀ ਗਈ ਕਿ ਦੇਸ਼ ਅੰਦਰ ਦੋ ਸੰਵਿਧਾਨ ਹਨ : ਇਕ ਸਿੱਖਾਂ ਲਈ ਤੇ ਦੂਜਾ ਹਕੂਮਤ ਦੇ ਗੁੰਡਿਆਂ ਲਈ।

ਰਾਜੀਵ ਗਾਂਧੀ, ਜਿਵੇਂ ਕਿ ਬਾਅਦ ਦੀਆਂ ਘਟਨਾਵਾਂ ਨੇ ਵੀ ਸਾਬਤ ਕਰ ਦਿਤਾ, ਇਕ ਪ੍ਰਧਾਨ ਮੰਤਰੀ ਨਾਲੋਂ, ਇਕ ਪੁੱਤਰ ਜ਼ਿਆਦਾ ਸੀ। ਹਰ ਸਾਲ ਸਿੱਖ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਦਾ ਇਸ ਹਕੂਮਤ ਤੋਂ ਭਰੋਸਾ ਉਠ ਚੁੱਕਾ ਹੈ। ਉਹ ਅਪਣੇ ਆਪ ਨੂੰ ਇਸ ਦੇਸ਼ ਦੇ ਬਰਾਬਰ ਦੇ ਸ਼ਹਿਰੀ ਨਹੀਂ ਸਮਝਦੇ।

ਕੇਂਦਰ ਸਰਕਾਰ ਪੁਰਾਣੀਆਂ ਸਲਤਨਤਾਂ ਵਾਂਗ ਵਿਵਹਾਰ ਕਰ ਰਹੀ ਹੈ। ਉੁਨ੍ਹਾਂ ਵਾਸਤੇ ਸਿਰਫ਼ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦਾ ਮਸਲਾ ਹੀ ਹੈ ਭਾਵੇਂ ਇਹ ਅਮਨ ਕਾਨੂੰਨ ਜਾਬਰ ਫ਼ੌਜ ਦੀ ਵਰਤੋਂ ਨਾਲ ਕਾਇਮ ਕੀਤਾ ਜਾਵੇ। ਕਾਨੂੰਨ ਦਾ ਰਾਜ ਅਤੇ ਇਨਸਾਫ਼ ਦੇ ਕੇ ਰਾਜ ਕਰਨ ਦੀ ਅਹਿਮੀਅਤ ਨੂੰ ਉਹ ਬਿਲਕੁਲ ਨਹੀਂ ਸਮਝਦੇ। ਬਾਬਰੀ ਮਸਜਿਦ ਹੋਵੇ, ਚਰਾਰ-ਏ-ਸ਼ਰੀਫ਼ ਹੋਵੇ ਜਾਂ ਉੱਤਰ-ਪੂਰਬ, ਸੱਭ ਕਾਨੂੰਨ ਦੇ ਰਾਜ ਤੋਂ ਇਨਕਾਰੀ ਹਨ।

ਉੁਨ੍ਹਾਂ ਵਾਸਤੇ ਹਰ ਮਸਲੇ ਦਾ ਹੱਲ ਤਾਕਤ ਦੀ ਵਰਤੋਂ ਕਰਨਾ ਹੈ। ਹਰ ਸਿਆਸੀ ਮੰਗ ਨੂੰ ਅਮਨ ਕਾਨੂੰਨ ਕਾਇਮ ਰੱਖਣ ਤਕ ਸੀਮਤ ਕਰ ਦਿਤਾ ਜਾਂਦਾ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਤਾਕਤ, ਹੋਰ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ। ਅਪ੍ਰੇਸ਼ਨ ਬਲੂ ਸਟਾਰ' ਦੀ ਕੋਈ ਲੋੜ ਨਹੀਂ ਸੀ। ਜੇ ਸ੍ਰੀ ਦਰਬਾਰ ਸਾਹਿਬ ਵਿਚ ਖਾੜਕੂ ਬੈਠੇ ਵੀ ਹੋਏ ਸਨ ਤਾਂ ਵੀ ਉੁਨ੍ਹਾਂ ਨਾਲ ਸਿਆਸੀ ਤੌਰ 'ਤੇ ਨਜਿਠਿਆ ਜਾਣਾ ਚਾਹੀਦਾ ਸੀ। ਪੰਜਾਬ ਦੀ ਆਤਮਾ ਨੂੰ ਜ਼ਖ਼ਮੀ ਕਰਨ ਲਈ ਇਹ ਸਮੱਸਿਆ ਜਾਣ ਬੁੱਝ ਕੇ ਪੈਦਾ ਕੀਤੀ ਗਈ।

ਸਿੱਖਾਂ ਵਾਸਤੇ ਦਰਬਾਰ ਸਾਹਿਬ ਸਿਰਫ਼ ਪੂਜਾ ਦਾ ਅਸਥਾਨ ਹੀ ਨਹੀਂ ਹੈ ਸਗੋਂ ਇਹ ਜ਼ੁਲਮ ਅਤੇ ਜਬਰ ਵਿਰੁਧ ਸੰਘਰਸ਼ ਦਾ ਪ੍ਰਤੀਕ ਵੀ ਹੈ। ਇਸ ਦੀ ਉਸਾਰੀ ਸਿਰਫ਼ ਇੱਟਾਂ ਤੇ ਗਾਰੇ ਨਾਲ ਹੀ ਨਹੀਂ ਕੀਤੀ ਗਈ ਸਗੋਂ ਇਸ ਵਿਚ ਸ਼ਹੀਦਾਂ ਦਾ ਖ਼ੂਨ ਪਿਆ ਹੈ। ਦਰਬਾਰ ਸਾਹਿਬ ਸਾਰੇ ਦੁਨਿਆਵੀ ਰਾਜਿਆਂ ਦੇ ਵਿਰੋਧ 'ਚ ਕਾਇਮ ਹੈ ਭਾਵੇਂ ਇਹ ਜਹਾਂਗੀਰ, ਔਰੰਗਜ਼ੇਬ, ਅਬਦਾਲੀ, ਇੰਦਰਾ ਗਾਂਧੀ ਜਾਂ ਨਰਸਿਮਹਾ ਰਾਉ ਹੀ ਕਿਉਂ ਨਾ ਹੋਵੇ।

(ਜੂਨ, 1995 ਦੇ ਮਾਸਕ 'ਸਪੋਕਸਮੈਨ' 'ਚੋਂ)