ਗੋਲੀਬਾਰੀ ਜਾਰੀ ਸੀ, ਮਰਿਆਦਾ ਬਹਾਲ ਕਰਨ ਦੇ ਇੱਛੁਕ ਸਨ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਗੋਲੀ ਚਲਦੀ ਸੀ। ਫੌਜੀ ਹਰ ਹਾਲ ਵਿਚ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਬਹਾਲ ਕਰਨ ਦੇ ਇੱਛੁਕ ਸਨ।

Darbar Sahib

ਨਵੀਂ ਦਿੱਲੀ - ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਗੋਲੀ ਚਲਦੀ ਸੀ। ਫੌਜੀ ਹਰ ਹਾਲ ਵਿਚ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਬਹਾਲ ਕਰਨ ਦੇ ਇੱਛੁਕ ਸਨ। ਇਸ ਲਈ ਉਹਨਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਲਿਆਂਦਾ। ਗਿਆਨੀ ਸਾਹਿਬ ਸਿੰਘ ਨੇ ਫੌਜੀ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਉਹ ਇਕੱਲੇ ਤੌਰ ਤੇ ਕੁਝ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਸਟਾਫ ਦੀ ਲੋੜ ਹੈ। 

ਗਿਆਨੀ ਸਾਹਿਬ ਸਿੰਘ ਨੂੰ ਕੋਤਵਾਲੀ ਲੈ ਜਾਇਆ ਗਿਆ ਜਿੱਥੇ ਉਹਨਾਂ ਕਈ ਮੁਲਾਜਮਾਂ ਦੀ ਪਹਿਚਾਣ ਕੀਤੀ। ਫੌਜੀ ਅਧਿਕਾਰੀਆਂ ਨੇ ਕੁਝ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਗਿਆਨੀ ਸਾਹਿਬ ਸਿੰਘ ਨੇ ਵੀ ਮਰਿਯਾਦਾ ਬਹਾਲ ਹੋਣ ਵਿਚ ਰੁਕਾਵਟ ਲਈ ਫੌਜੀ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ। ਅਖੀਰ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਸਫ਼ਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ।

ਸਿੱਖ ਫੌਜੀ ਇਸ ਕੰਮ ਵਿਚ ਮਦਦ ਦੇਣ ਲਈ ਅੱਗੇ ਆਏ। ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿਚ ਵਹਿੰਦੇ ਹੰਝੂਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫਾਈ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਭਾਈ ਹਰਪਾਲ ਸਿੰਘ ਅਰਦਾਸੀਏ ਨੇ ਅਰਦਾਸ ਕਰਦਿਆਂ ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ ਸਭ ਅਸਨਾਈ ਪੜ੍ਹ ਕੇ ਸੇਵਾ ਸ਼ੁਰੂ ਕੀਤੀ। ਗਿਆਨੀ ਸਾਹਿਬ ਸਿੰਘ ਨੇ ਹੁਕਮਨਾਮਾ ਲਿਆ। 

ਗਿਆਨੀ ਸਾਹਿਬ ਸਿੰਘ ਅੱਗੇ ਜਿੰਮੇਵਾਰੀਆਂ ਜ਼ਿਆਦਾ ਸਨ ਤੇ ਸਮਾਂ ਥੋੜ੍ਹਾ। ਉਹ ਸਾਥੀ ਗ੍ਰੰਥੀ ਸਿੰਘ ਗਿਆਨੀ ਮੋਹਨ ਸਿੰਘ, ਗਿਆਨੀ ਸੋਹਣ ਸਿੰਘ, ਗਿਆਨੀ ਪੂਰਨ ਸਿੰਘ ਆਦਿ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਨੂੰ ਫੌਜੀਆ ਕੋਲੋਂ ਆਜ਼ਾਦ ਕਰਵਾਉਣ। ਗੁਰੂ ਘਰ ਦਾ ਬੇਸ਼ ਕੀਮਤੀ ਸਮਾਨ ਖਾਸਕਰ ਤੋਸ਼ਾ ਖਾਨਾ ਬਚਾਉਣ ਲਈ ਵੀ ਯਤਨ ਕਰ ਰਹੇ ਸਨ।

ਸ਼ਾਮ 4 ਵਜ ਕੇ 30 ਮਿੰਟ ਤੇ ਸਰਕਾਰੀ ਰੇਡੀਓ ਆਕਾਸ਼ਵਾਨੀ ਜਲੰਧਰ ਤੋਂ 30 ਮਿੰਟ ਲਈ ਗੁਰਬਾਣੀ ਪ੍ਰਸਾਰਣ ਸ਼ੁਰੂ ਕਰ ਦਿਤਾ ਗਿਆ। ਆਕਾਸ਼ਵਾਨੀ ਜਲੰਧਰ ਨੇ ਦੱਸਿਆ ਕਿ ਸਵੇਰੇ 4 ਵਜ ਕੇ 30 ਮਿੰਟ ਤੋਂ 6 ਵਜੇ ਤਕ ਅਤੇ ਸ਼ਾਮ 4 ਵਜ ਕੇ 30 ਮਿੰਟ ਤੋਂ 5 ਵਜੇ ਤਕ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੋਇਆ ਕਰੇਗਾ।