ਮਜੀਠੀਆ ਤੇ ਸਿਰਸਾ ਨੇ ਜੰਮੂ-ਕਸ਼ਮੀਰ ਦੇ ਡੀ ਜੀ ਪੀ ਕੋਲ ਚੁਕਿਆ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜੰਮੂ ਕਸ਼ਮੀਰ.........

Bikram Singh Majithia

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜੰਮੂ ਕਸ਼ਮੀਰ ਦੇ ਤਰਾਲ ਵਿਖੇ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਜਿਥੇ ਇਕ ਸਿੱਖ ਲੜਕੀ ਦਾ ਜਬਰੀ ਧਰਮ ਪ੍ਰੀਵਰਤਨ ਕਰਵਾ ਕੇ ਇਸਲਾਮ ਧਾਰਨ ਕਰਾਉਣ ਦਾ ਯਤਨ ਕੀਤਾ ਗਿਆ ਤੇ ਲੜਕੀ ਵਲੋਂ ਅਜਿਹਾ ਕਰਨ ਤੋਂ ਇਨਕਾਰ ਕਰਨ 'ਤੇ ਇਸਲਾਮਿਕ ਕੱਟੜਵਾਦੀਆਂ ਵਲੋਂ ਕੀਤੇ ਹਮਲੇ ਵਿਚ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਦੋਵਾਂ ਆਗੂਆਂ ਨੇ ਇਹ ਮਾਮਲਾ ਸੂਬੇ ਦੇ ਡੀ ਜੀ ਪੀ ਕੋਲ ਉਠਾਇਆ ਜਿਨ੍ਹਾਂ ਨੇ ਕੇਸ ਵਿਚ ਤੁਰਤ ਕਾਰਵਾਈ ਦਾ ਭਰੋਸਾ ਦਿਆਇਆ ਹੈ।

ਜਾਰੀ ਇਕ ਬਿਆਨ ਵਿਚ ਮਜੀਠੀਆ, ਜੋ ਕਿ ਅਕਾਲੀ ਦਲ ਦੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ ਵੀ ਹਨ ਅਤੇ ਸਿਰਸਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਇਕ ਸਿੱਖ ਲੜਕੀ ਨੇ ਇਸਲਾਮਿਕ ਯੂਨੀਵਰਸਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦਖਣੀ ਕਸ਼ਮੀਰ ਵਿਚ ਦਾਖ਼ਲਾ ਲਿਆ ਜਿਥੇ ਉਸ ਨੂੰ ਜਬਰੀ ਇਸਲਾਮ ਧਾਰਨ ਕਰਨ ਤੇ ਰਮਜ਼ਾਨ ਦੇ ਮਹੀਨੇ ਵਿਚ ਵਰਤ ਰੱਖਣ ਅਤੇ ਕਾਲਜ ਆਉਂਦੀਆਂ ਹੋਰ ਮੁਸਲਿਮ ਲੜਕੀਆਂ ਵਾਂਗ ਸਿਰ 'ਤੇ ਸਕਾਰਫ ਲੈਣ ਵਾਸਤੇ ਮਜਬੂਰ ਕੀਤਾ ਗਿਆ। ਜਦੋਂ ਲੜਕੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿਤਾ ਤਾਂ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਲੜਕੀਆਂ ਦਾ ਗਲਾ ਘੁਟਣ ਦਾ ਯਤਨ ਕੀਤਾ ਤੇ

ਬਾਅਦ ਵਿਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿਤਾ। ਇਸ ਮਾਮਲੇ ਵਿਚ ਕੇਸ ਤਾਂ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਦਸਿਆ ਕਿ ਲੜਕੀ ਦਾ ਪਰਵਾਰ ਬਹੁਤ ਦਹਿਸ਼ਤ ਵਿਚ ਹੈ ਕਿਉਂਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਐਪਸ ਰਾਹੀਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਦਸਿਆ ਕਿ ਜਦੋਂ ਉਨ੍ਹਾਂ ਨੇ ਲੜਕੀ ਦੇ ਪਿਤਾ ਸ. ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਵਾਦ ਛੱਡਣ ਤੋਂ ਇਲਾਵਾ ਹੋਰ ਕੋਈ ਰਾਹ ਬਾਕੀ ਨਹੀਂ ਰਹ ਗਿਆ ਹੈ। ਦੋਵਾਂ ਆਗੂਆਂ  ਨੇ ਪਰਵਾਰ ਨੂੰ ਭਰੋਸਾ ਦਿਆਇਆ

ਕਿ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਲਕਿ ਸਾਰਾ ਭਾਈਚਾਰਾ ਉਨ੍ਹਾਂ ਨਾਲ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਰਾਜਪਾਲ ਨੂੰ ਕਿਹਾ ਕਿ ਜਦੋਂ ਪੁਲਿਸ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਅਜਿਹੇ ਧਾਰਮਕ ਸਿਰਫਿਰਿਆਂ ਤੋਂ ਬਚਾਉਣ ਵਿਚ ਨਾਕਾਮ ਹੈ ਤਾਂ ਫਿਰ ਅਤਿਵਾਦੀਆਂ ਤੋਂ ਲੋਕਾਂ ਦਾ ਬਚਾਅ ਕਿਵੇਂ ਕਰੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਸ ਵਿਚ ਤੁਰਤ ਕਾਰਵਾਈ ਕਰੇ ਤੇ ਲੜਕੀ ਤੇ ਉਸ ਦੇ ਪਰਵਾਰ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਸਮਾਜ ਵਿਚ ਨਫ਼ਰਤ ਫੈਲਾਉਣ ਵਾਲੇ ਅਜਿਹੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।