ਭਵਿੱਖ ਦੇ ਸੰਘਰਸ਼ ਨੂੰ ਸੁਲਝਾਉਣ ਵਿਚ ਮਦਦ ਕਰ ਸਕਦਾ ਹੈ ‘ਕਰਤਾਰਪੁਰ ਮਾਡਲ’: ਮਨਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਉਮੀਦ ਪ੍ਰਗਟਾਈ ਕਿ ‘ਕਰਤਾਰਪੁਰ ਮਾਡਲ’ ਭਵਿੱਖ ਦੇ ਸੰਘਰਸ਼ਾਂ ਨੂੰ ਸੁਲਝਾਉਣ ਵਿਚ ਮਦਦ ਕਰ ਸਕਦਾ ਹੈ।

Manmohan Singh

ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਉਮੀਦ ਪ੍ਰਗਟਾਈ ਕਿ ‘ਕਰਤਾਰਪੁਰ ਮਾਡਲ’ ਭਵਿੱਖ ਦੇ ਸੰਘਰਸ਼ਾਂ ਨੂੰ ਸੁਲਝਾਉਣ ਵਿਚ ਮਦਦ ਕਰ ਸਕਦਾ ਹੈ। ਮਨਮੋਹਨ ਸਿੰਘ ਦੇ ਨਾਲ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕੀਤਾ।

ਉਪ ਰਾਸ਼ਟਰਪਤੀ ਨਾਇਡੂ ਨੇ ਕਿਹਾ ਕਿ ਜੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਰੋਜ਼ਾਨਾ ਜੀਵਨ ਵਿਚ ਯਾਦ ਕੀਤਾ ਜਾਵੇ ਤਾਂ ਵਿਕਾਸ ਦੀ ਨਵੀਂ ਦੁਨੀਆਂ ਸਿਰਜੀ ਜਾ ਸਕਦੀ ਹੈ। ਸਾਬਕਾ ਪ੍ਰਧਾਨ ਮੰਤਰੀ ਸਿੰਘ ਨੇ ਕਿਹਾ, ‘ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਅਤੇ ਸਦਭਾਵਨਾ ਇਕੋ ਇਕ ਰਸਤਾ ਹੈ। ਭਵਿੱਖ ਵਿਚ ਸੰਘਰਸ਼ਾਂ ਦੇ ਸਥਾਈ ਹੱਲ ਲਈ ‘ਕਰਤਾਰਪੁਰ ਮਾਡਲ’ ਨੂੰ ਵੀ ਦੁਹਰਾਇਆ ਜਾ ਸਕਦਾ ਹੈ’।

ਮਨਮੋਹਨ ਸਿੰਘ ਨੇ ਫਿਰਕੂ ਹਿੰਸਾ ਨੂੰ ਵਿਸ਼ਵ ਸਾਹਮਣੇ ਵੱਡੀ ਚੁਣੌਤੀ ਦੱਸਦੇ ਹੋਏ ਕਿਹਾ, ‘ਗੁਰੂ ਨਾਨਕ ਦੇਵ ਜੀ ਦਾ ਇਕ ਰੱਬ, ਧਾਰਮਿਕ ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਸਦੀਵੀ ਸੰਦੇਸ਼ ਫਿਰਕੂ ਹਿੰਸਾ ਨੂੰ ਖਤਮ ਕਰਨ ਦਾ ਰਸਤਾ ਦਿਖਾ ਸਕਦਾ ਹੈ'। ਮਨਮੋਹਨ ਸਿੰਘ ਨੇ ਕਿਹਾ, ‘ਪੰਜਾਬ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਹੈ। ਗੁਰੂ ਨਾਨਕ ਦੇਵ ਦੀ ਵਿਰਾਸਤ ਨੂੰ ਅਸੀਂ ਕਿਸ ਤਰ੍ਹਾਂ ਬਰਕਰਾਰ ਰੱਖ ਸਕਾਂਗੇ ਜਦੋਂ ਸਾਡੇ ਨੌਜਵਾਨ ਨਸ਼ੇ ਆਦੀ ਹੋਣਗੇ, ਪਾਣੀ ਜ਼ਹਿਰੀਲਾ ਹੋ ਰਿਹਾ ਹੈ ਅਤੇ ਔਰਤਾਂ ਦਾ ਅਨਾਦਰ ਹੋ ਰਿਹਾ ਹੈ। ਇਹ ਉਹਨਾਂ ਦੀ 550ਵੀਂ ਜਯੰਤੀ ‘ਤੇ ਸਭ ਤੋਂ ਅਹਿਮ ਸਵਾਲ ਹੈ’।

ਉਪ ਰਾਸ਼ਟਰਪਤੀ ਨਾਇਡੂ ਨੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਗੁਰੂ ਨਾਨਕ ਦੇਵ ਜੀ ਨੇ ਉਹ ਦੇਖਿਆ ਜੋ ਸਧਾਰਨ ਲੋਕ ਨਹੀਂ ਦੇਖ ਸਕਦੇ ਸੀ। ਉਹਨਾਂ ਨੇ ਅਪਣੀ ਸਮਝ ਅਤੇ ਵਿਚਾਰਾਂ ਨਾਲ ਲੋਕਾਂ ਦੇ ਜੀਵਨ ਨੂੰ ਸੁਧਾਰਿਆ। ਗੁਰੂ ਸ਼ਬਦ ਦਾ ਇਹੀ ਮਤਲਬ ਹੁੰਦਾ ਹੈ। ਗੁਰੂ ਉਹ ਹੁੰਦਾ ਹੈ ਜੋ ਪ੍ਰਕਾਸ਼ ਦਿਖਾਉਂਦਾ ਹੈ, ਮੁਸ਼ਕਲਾ ਨੂੰ ਦੂਰ ਕਰਦਾ ਹੈ ਅਤੇ ਮਾਰਗ ਦਿਖਾਉਂਦਾ ਹੈ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।