ਭਾਵੇਂ ਪੰਥ ਵਿਚੋਂ ਛੇਕ ਦੇਣ ਪ੍ਰੰਤੂ ਸੱਚ ਦੀ ਅਵਾਜ਼ ਹਮੇਸ਼ਾ ਬੁਲੰਦ ਕਰਾਂਗੇ : ਭਾਈ ਢਡਰੀਆਂ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਸੰਤ ਜਰਨੈਲ ਸਿੰਘ ਨੂੰ ਜ਼ਿੰਦਾ ਕਹਿਣ ਵਾਲੇ ਹੁਣ ਬਰਸੀਆਂ ਮਨਾ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ'

Ranjit Singh Dhadrian Wale

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ) : ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਵਿਖੇ ਮਹੀਨਾਵਾਰ ਹੋਣ ਵਾਲੇ ਧਾਰਮਕ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਗੁਰਬਾਣੀ ਸਾਨੂੰ ਉਸ ਸਤਿਗੁਰੂ ਦੇ ਲੜ ਲਾਉਂਦੀ ਹੈ ਜਿਹੜਾ ਸਤਿਗੁਰੂ ਜਿਥੇ ਚਾਹੋਂ ਉਥੇ ਹੀ ਪ੍ਰਾਪਤ ਹੋਵੇਗਾ। ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਜਿਵੇਂ ਪੱਤਾ ਦਰੱਖ਼ਤ ਨਾਲੋਂ ਟੁੱਟ ਕੇ ਦੁਬਾਰਾ ਨਹੀਂ ਜੁੜਦਾ ਉਸੇ ਤਰ੍ਹਾਂ ਜਦੋਂ ਮਨੁੱਖ ਚਲਾ ਜਾਂਦਾ ਹੈ ਤਾਂ ਵਾਪਸ ਨਹੀਂ ਆਉਂਦਾ।

ਉਨ੍ਹਾਂ ਕਿਹਾ ਕਿ ਕੁੱਝ ਲੋਕ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਧੰਦਾ ਬਣਾ ਕੇ ਕਮਾਈਆਂ ਕਰਨ ਦੀਆਂ ਵਿਊਂਤਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਦਾ ਪ੍ਰਕਾਸ਼ ਉਤਸ਼ਵ 14 ਅਪ੍ਰੈਲ 1469 ਨੂੰ ਮਨਾਇਆ ਜਾਂਦਾ ਸੀ ਜਿਸਨੂੰ ਉਲਝਾ ਕੇ ਕੱਤਕ ਦੇ ਮਹੀਨੇ ਵਿਚ ਲਿਆ ਖੜਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਉਪਰ ਵੀ 14 ਅਪ੍ਰੈਲ ਨੂੰ ਹੀ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਹਰ ਸਾਲ 14 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੀ ਹੁਣ ਕੱਤਕ ਮਹੀਨੇ ਵਿਚ ਮਨਾ ਕੇ ਆਉਣ ਵਾਲੇ ਹਰ ਸਾਲ ਵਿਚ ਤਰੀਕਾਂ ਵਿਚ ਸਿੱਖ ਕੌਮ ਨੂੰ ਉਲਝਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਤਰੀਕਾਂ ਬਦਲ ਬਦਲ ਕੇ ਸਿੱਖਾਂ ਨੂੰ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਦੁਕਾਨਦਾਰ ਜਾਂ ਰੇਹੜੀ ਵਾਲਾ ਵੀ ਹਿਸਾਬ ਲਗਾਉਂਦਾ ਹੈ ਪਰੰਤੂ ਸਿੱਖਾਂ ਨੇ ਕਰੋੜਾਂ ਰੁਪਏ ਖ਼ਰਚ ਕੇ ਵੀ ਸਿੱਖੀ ਲਈ ਕੋਈ ਚੰਗਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਉੁਹ ਸੱਚ ਦਾ ਪ੍ਰਚਾਰ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ, ਭਾਵੇਂ ਪੰਥ ਵਿਚੋਂ ਛੇਕਣ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਉਨ੍ਹਾਂ ਵਿਰੁਧ ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਨ ਲਈ ਪੰਥਕ ਵਿਦਵਾਨਾਂ ਨਾਲ ਸਲਾਹ ਕਰ ਕੇ ਫ਼ੈਸਲਾ ਕਰਨ ਸਬੰਧੀ ਆਏ ਬਿਆਨ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ।

ਉਨ੍ਹਾਂ 'ਜਥੇਦਾਰ' ਨੂੰ ਸਵਾਲ ਕੀਤਾ ਕਿ ਜੇਕਰ ਵੀਡੀਉਗ੍ਰਾਫ਼ੀ ਕਰਨ ਦੀ ਹਿੰਮਤ ਹੈ ਤਾਂ ਇਕ ਵਿਦਵਾਨਾਂ ਦੀ ਕਮੇਟੀ ਬਣਾਉ ਅਤੇ ਚਾਰ ਪਹਿਲਾਂ ਅਹੁਦਿਆਂ ਤੋਂ ਲਾਂਭੇ ਹੋ ਚੁੱਕੇ ਜਥੇਦਾਰਾਂ ਦੀ ਵੀਡੀਉਗ੍ਰਾਫ਼ੀ ਬਣਾਉ ਅਤੇ ਗਿਆਨੀ ਗੁਰਬਚਨ ਸਿੰਘ, ਜਥੇਦਾਰ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਤੋਂ ਪੁੱਛੋ ਕਿ ਸਰਸੇ ਵਾਲੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਿਸਦਾ ਸੀ ਅਤੇ ਚਿੱਠੀ ਕਿਸਦੀ ਆਈ ਸੀ ਪਹਿਲਾਂ ਇਹ ਵੀਡੀਉ ਬਣਾਉ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਛਬੀਲ ਬਦਨਾਮ ਕਰਨ ਅਤੇ ਭੁਪਿੰਦਰ ਸਿੰਘ ਨੂੰ ਮਾਰ ਕੇ ਉਸ ਦੇ ਬੱਚਿਆਂ ਨੂੰ ਅਨਾਥ ਕਰਨ ਬਾਰੇ ਵੀ ਪੁੱਛ ਲਿਉ।

ਇਹ ਵੀਡੀਉ ਬਣਾ ਕੇ ਸਾਡੇ ਆਇਉ ਅਸੀਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਗੋਲਕਾਂ ਦੀ ਮਾਇਆ, ਸਰਸੇ ਵਾਲੇ ਨੂੰ ਮਾਫ਼ ਕਰਨ ਬਾਰੇ ਵੀ ਜਵਾਬ ਦੇਵੋ। ਉਨ੍ਹਾਂ ਕਿਹਾ,''ਅੱਜ ਸਿੱਖ ਪੰਥ ਵਿਚ ਹਾਂ ਤਾਂ ਵੀ ਖ਼ੁਸ਼ ਹਾਂ ਕਲ ਨੂੰ ਕੱਢ ਦੇਣਗੇ ਤਾਂ ਵੀ ਖ਼ੁਸ਼ ਹੋਵਾਂਗੇ, ਅੱਜ ਪੰਥ ਵਿਚ ਹਾਂ ਉਹ ਤਾਂ ਵੀ ਪ੍ਰੇਸ਼ਾਨ ਹਨ ਕਲ ਨੂੰ ਕੱਢ ਦੇਣਗੇ ਤਾਂ ਵੀ ਔਖੇ ਹੋਣਗੇ।'' ਉਨ੍ਹਾਂ ਕਿਹਾ ਕਿ ਇਹ ਸੰਪਰਦਾਈਆਂ ਨੇ ਕਦੇ ਅੱਗੇ ਨਹੀਂ ਵਧਣ ਦੇਣਾ ਕਿਉਂਕਿ ਇਨ੍ਹਾਂ ਨੇ ਸਾਡੇ ਪੈਰਾਂ ਵਿਚ ਬੇੜੀਆਂ ਪਾਈ ਰੱਖਣਾ ਹੈ। ਅਗਲਾ ਦੀਵਾਨ 7 ਦਸੰਬਰ ਦਿਨ ਦੇ ਵਿਚ ਲਗਾਇਆ ਜਾਵੇਗਾ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।