ਗੁਰਦਵਾਰਾ ਸਾਹਿਬ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਨਾਮ, ਦੋ ਧਿਰਾਂ 'ਚ ਤਣਾਅ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਰਬਾਰ ਸਾਹਿਬ ਨੂੰ ਲਾਏ ਗਏ ਜਿੰਦਰੇ ਤੋਂ ਵਿਵਾਦ, ਸੰਗਤਾਂ ਨੇ ਬਾਹਰ ਬੈਠ ਕੇ ਕੀਤਾ ਜਾਪ

Photo

ਕੋਟਕਪੂਰਾ : ਸਥਾਨਕ ਗੁਰਦੁਆਰਾ ਸਾਹਿਬ ਦਿਆਲ ਸਿੰਘ ਪਰਵਾਨਾ ਦੀ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਇਲਾਕੇ ਦੀ ਸੰਗਤ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਉਸ ਸਮੇਂ ਇਲਾਕੇ ਦੀ ਸੰਗਤ ਨੂੰ ਬਹੁਤ ਹੈਰਾਨੀ ਹੋਈ ਜਦੋਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਅਰਥਾਤ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਨੂੰ ਜਿੰਦਰਾ ਲੱਗਾ ਦੇਖਿਆ, ਇਲਾਕੇ ਦੀ ਸੰਗਤ ਨੇ ਗ੍ਰੰਥੀ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬਾਹਰ ਹਨ।

 

ਇਸ ਮੌਕੇ ਕੁਲਵੰਤ ਸਿੰਘ, ਕੁਲਦੀਪ ਸਿੰਘ, ਰਾਮਪਾਲ ਬਰਗਾੜੀ, ਅਮਰਜੀਤ ਸਿੰਘ, ਦਵਿੰਦਰ ਨੀਟੂ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਦਲੀਪ ਕੌਰ, ਸ਼ਿੰਦਰਪਾਲ ਕੌਰ, ਗੁਰਮੀਤ ਕੌਰ, ਕਮਲਜੀਤ ਕੌਰ, ਵੀਰਪਾਲ ਕੌਰ ਆਦਿ ਨੇ ਦਸਿਆ ਕਿ ਸੰਗਤ ਵਲੋਂ ਸਮੇਂ-ਸਮੇਂ ਸੁਖਮਨੀ ਸਾਹਿਬ ਜੀ ਦੇ ਪਾਠ ਜਾਂ ਕੀਰਤਨ ਕਥਾ ਵਿਚਾਰਾ ਕੀਤੀਆਂ ਜਾਂਦੀਆਂ ਹਨ।

 

 ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਤਾਂ ਜਿਸ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਸ ਕਮਰੇ ਦੇ ਬਾਹਰ ਜਿੰਦਰਾ ਲੱਗਾ ਦੇਖਿਆ ਤਾਂ ਸੰਗਤ ਨੇ ਬਾਹਰ ਬੈਠ ਕੇ ਹੀ ਪਾਠ ਕੀਤਾ। ਉਨ੍ਹਾਂ ਕਿਹਾ ਕਿ ਗ੍ਰੰਥੀ ਵਲੋਂ ਅਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਦੋ ਧਿਰਾਂ ਵਲੋਂ ਅਪਣਾ ਹੱਕ ਸਮਝਿਆ ਜਾ ਰਿਹਾ ਹੈ ਪਰ ਸਰਕਾਰੀ ਰਿਕਾਰਡ ਮੁਤਾਬਕ ਇਸ ਗੁਰਦੁਆਰੇ ਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਬੋਲਦੀ ਹੈ।

 

ਉਨ੍ਹਾਂ ਕਿਹਾ ਕਿ ਪਿੰਡ ਪੰਜਗਰਾਈ ਦਾ ਵਸਨੀਕ ਮੀਤਾ ਸਿੰਘ, ਜੋ ਕਿ ਦਿਆਲ ਸਿੰਘ ਪਰਵਾਨਾ ਦਾ ਖ਼ੁਦ ਨੂੰ ਪੋਤਰਾ ਦੱਸ ਰਿਹਾ ਹੈ, ਪਿਛਲੇ ਕਈ ਸਾਲਾਂ ਤੋਂ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਕਿਰਾਏ 'ਤੇ ਦਿਤੀਆਂ ਦੁਕਾਨਾਂ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਨਾਜਾਇਜ਼ ਬਣਾਏ ਕਮਰਿਆਂ ਦਾ ਕਥਿਤ ਕਿਰਾਇਆ ਵਸੂਲ ਰਿਹਾ ਹੈ ਅਤੇ ਕਈ ਦੁਕਾਨਾਂ ਨੂੰ ਨਾਜਾਇਜ਼ ਤੌਰ 'ਤੇ ਵੇਚ ਦਿਤੀਆਂ ਹਨ।

 

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਮੁਢਲੀ ਜਾਂਚ ਕਰ ਕੇ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐਸਡੀਐਮ ਪਰਮਦੀਪ ਸਿੰਘ ਨੇ ਕਿਹਾ ਕਿ ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸਐਚਓ ਜਸਵੀਰ ਸਿੰਘ ਨੇ ਕਿਹਾ ਕਿ ਉਹ ਕਿਸੇ ਕੰਮ ਕਾਰਨ ਬਾਹਰ ਹਨ, ਸੰਗਤ ਨੂੰ ਕਲ ਦਾ ਟਾਈਮ ਦਿਤਾ ਗਿਆ ਹੈ। ਉਂਝ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਉਤੇ ਕਿਸੇ ਨੂੰ ਵੀ ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।