ਸ਼੍ਰੋਮਣੀ ਕਮੇਟੀ ਚੋਣਾਂ ਲਈ ਸਰਗਰਮੀਆਂ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲ-ਵਿਰੋਧੀ ਸਰਗਰਮ ਪਰ ਬਾਦਲਕੇ ਵੀ ਚੋਣਾਂ ਰੋਕਣ ਲਈ ਓਨੇ ਹੀ ਸਰਗਰਮ

Photo

ਅੰਮ੍ਰਿਤਸਰ : ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਦਾ ਮੁੱਦਾ ਗਰਮਾਇਆ ਹੈ।

ਮਿਲੇ ਵੇਰਵਿਆਂ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਉਨ੍ਹਾਂ ਨਾਲ ਜੁੜੇ, ਅਕਾਲੀ ਦਲ 1920 ਦੇ ਪ੍ਰਧਾਨ  ਰਵੀਇੰਦਰ ਸਿੰਘ ਸਾਬਕਾ ਸਪੀਕਰ, ਅਕਾਲੀ ਦਲ ਟਕਸਾਲੀ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਬਾਬਾ ਸਰਬਜੋਤ ਸਿੰਘ ਬੇਦੀ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਪ੍ਰਧਾਨ ਮਨਜੀਤ ਸਿੰਘ ਭੋਮਾ, ਬਲਵਿੰਦਰ ਸਿੰਘ ਜੰਮੂ ਆਦਿ ਇਕ ਮੰਚ ਬਾਦਲਾਂ ਵਿਰੁਧ ਬਣਾਉਣਗੇ ਅਤੇ ਬਕਾਇਦਾ ਪਾਰਟੀ ਢਾਂਚਾ ਬਣਾਉਣ ਦੇ ਨਾਲ-ਨਾਲ, ਅਪਣਾ ਦ੍ਰਿਸ਼ਟੀਕੋਣ ਜਨਤਕ ਕਰਨ ਬਾਅਦ ਸੱਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਇਕ ਅਹਿਮ ਨੀਤੀ ਘੜਣਗੇ।

ਜਿਸ ਵਾਸਤੇ ਉਹ ਹਮਖਿਆਲੀ ਪੰਥਕ ਧਿਰਾਂ ਦਾ ਸਹਿਯੋਗ ਲੈਣ ਉਪਰੰਤ ਆਮ ਤੇ ਸਿੱਖਾਂ ਤਕ ਪਹੁੰਚ ਕਰਨਗੇ। ਵਿਰੋਧੀ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਹਮਾਇਤੀ ਇਹ ਚੋਣ ਕਰਵਾਉਣ ਲਈ ਹਰ ਹੀਲਾ ਵਰਤਣ ਦੇ ਦਾਅਵੇ ਕਰ ਰਹੇ ਹਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ 'ਤੇ ਕਾਬਜ਼ ਬਾਦਲ ਪਰਵਾਰ ਸਿੱਖਾਂ ਦੀ ਮਿੰਨੀ ਸੰਸਦ ਦੀ ਚੋਣ ਨਾ ਹੋਣ ਦੇਣ ਲਈ ਅਪਣਾ ਰਸੂਖ਼ ਵਰਤ ਰਿਹਾ ਹੈ। ਬਾਦਲਾਂ ਦੀ ਸਾਂਝ ਭਾਜਪਾ ਨਾਲ ਹੋਣ ਕਰ ਕੇ ਮੋਦੀ ਹਕੂਮਤ ਅਜੇ ਉਨ੍ਹਾਂ ਦੀ ਮੰਨ ਰਹੀ ਹੈ।

ਇਸ ਦੀ ਚੋਣ ਕਰਵਾਉਣ ਲਈ ਸੱਭ ਤੋਂ ਪਹਿਲਾਂ ਚੋਣ  ਕਮਿਸ਼ਨ ਦੀ ਨਿਯੁਕਤੀ ਕੇਂਦਰ ਸਰਕਾਰ ਨੇ ਕਰਨੀ ਹੈ। ਇਹ ਦਫ਼ਤਰ ਇਸ ਵੇਲੇ ਬੰਦ ਹੈ।  ਪੰਥਕ ਲੀਡਰਸ਼ਿਪ ਦਾ ਦੋਸ਼ ਹੈ ਕਿ ਇਸ ਮਹਾਨ ਸੰਸਥਾ ਦੀ ਚੋਣ ਪੰਜਾਬੀ ਸੂਬਾ ਬਣਨ ਬਾਅਦ ਕਦੇ ਵੀ ਨਿਸ਼ਚਤ ਸਮੇਂ 'ਤੇ ਨਹੀਂ ਹੋਈ।

ਸੁਪਰੀਮ ਕੋਰਟ ਵਿਚ ਕੇਸ ਹੋਣ ਕਰ ਕੇ ਇਸ ਦੀ ਚੋਣ ਕਰਵਾਉਣ ਲਈ ਮੋਦੀ ਸਰਕਾਰ ਕੋਲ ਪਹੁੰਚ ਕਰਨ, ਅਦਾਲਤੀ ਕੇਸ ਦਾ ਨਿਪਟਾਰਾ ਹੋਣ ਬਾਅਦ ਹਰਿਆਣਾ ਦੇ ਸਿੱਖਾਂ ਨੂੰ ਮਿਲਣਾ ਪੈਣਾ ਹੈ। ਜੋ ਹਰਿਆਣਾ ਦੀ ਵਖਰੀ ਕਮੇਟੀ ਬਣਾਉਣ ਲਈ ਕੇਸ ਲੜ ਰਹੇ ਹਨ। ਇਸ ਤੋਂ ਸਪਸ਼ਟ ਹੈ ਕਿ ਬਾਦਲ  ਪਰਵਾਰ ਨੇ ਸਿੱਖ ਸੰਗਠਨਾਂ ਨੂੰ ਜੱਫਾ ਮਾਰਿਆ ਹੈ। ਬਾਦਲ ਪਰਵਾਰ  ਤੋਂ ਕਬਜ਼ਾ ਛੁਡਵਾਉਣ ਲਈ ਤਿੱਖੇ ਘੋਲ ਦੀ ਲੋੜ ਹੈ।