ਸ਼੍ਰੋਮਣੀ ਕਮੇਟੀ 'ਚ ਸੁਧਾਰਾਂ ਵੱਲ ਢੀਂਡਸਾ ਦਾ ਪਹਿਲਾ ਕਦਮ, ਭਾਈ ਰਣਜੀਤ ਸਿੰਘ ਨਾਲ ਹੱਥ ਮਿਲਾਇਆ!

ਏਜੰਸੀ

ਖ਼ਬਰਾਂ, ਪੰਜਾਬ

ਪੁਸਤਕ ਦੇ ਰਿਲੀਜ਼ ਸਮਾਗਮ ਵਿਚ ਬਾਦਲ ਪਰਵਾਰ 'ਤੇ ਕੀਤੇ ਤਿੱਖੇ ਹਮਲੇ

file photo

ਚੰਡੀਗੜ੍ਹ : ਬਾਦਲ ਪਰਵਾਰ ਵਿਰੁਧ ਬਗਾਵਤ ਦਾ ਝੰਡਾ ਉਠਾਉਣ ਵਾਲੇ ਸੀਨੀਅਰ ਅਕਾਲੀ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਐਸ.ਜੀ.ਪੀ.ਸੀ. ਦੇ ਮੱਦੇ 'ਤੇ ਹੱਥ ਮਿਲਾ ਲਿਆ ਹੈ। ਇਹ ਦੋਵੇਂ ਆਗੂ ਅੱਜ ਚੰਡੀਗੜ੍ਹ ਵਿਖੇ ਐਸ.ਜੀ.ਪੀ.ਸੀ. ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵਲੋਂ ਲਿਖੀ ਗਈ ਕਿਤਾਬ ਰਿਲੀਜ਼ ਕਰਨ ਲਈ ਰੱਖੇ ਗਏ ਪ੍ਰੋਗਰਾਮ ਦੌਰਾਨ ਪ੍ਰੈੱਸ ਕਲੱਬ ਵਿਚ ਇਕੱਠੇ ਹੋਏ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ ਵਿਸ਼ੇ 'ਤੇ ਹਰਚਰਨ ਸਿੰਘ ਵਲੋਂ ਲਿਖੀ ਗਈ ਪੁਸਤਕ ਵਿਚ ਅਪਣੇ ਅਨੂਭਵਾਂ ਦੇ ਅਧਾਰ 'ਤੇ ਸ਼੍ਰੋਮਣੀ ਕਮੇਟੀ ਵਿਚ ਹੁੰਦੀਆਂ ਗੜਬੜੀਆਂ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ। ਪ੍ਰਬੰਧਕੀ ਢਾਂਚੇ, ਮਨੇਜਰਾਂ ਅਤੇ ਸਕੱਤਰਾਂ ਦੀ ਨਿਯੁਕਤੀ, ਲੰਗਰ ਪ੍ਰਬੰਧ ਤੇ ਖ਼ਰੀਦ ਪ੍ਰਨਾਲੀ ਦੀਆਂ ਖਾਮੀਆਂ, ਗੁਰਦਵਾਰਾ ਸਾਹਿਬਾਨ ਦੀਆਂ ਜ਼ਮੀਨਾਂ, ਬਜਟ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਪੰਜ ਪਿਆਰਿਆਂ ਦੀ ਭੂਮਿਕਾ ਆਦਿ ਦੇ ਸੰਦਰਭ ਵਿਚ ਵਿਸਥਾਰ ਸਹਿਤ ਪੁਸਤਕ ਵਿਚ ਬਿਆਨ ਕੀਤਾ ਗਿਆ ਹੈ। ਇਹ ਪੁਸਤਕ ਰਿਲੀਜ਼ ਕਰਨ ਮੌਕੇ ਢੀਂਡਸਾ ਅਤੇ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਦੇ ਕੰਮਾਂ ਕਾਰਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਗਏ।

ਢੀਂਡਸਾ ਨੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸੁਲਤਾਨਪੁਰ ਲੋਧੀ ਵਿਖੇ ਐਸ.ਜੀ.ਪੀ.ਸੀ. ਵਲੋਂ 12 ਕਰੋੜ ਨਾਲ ਤਿਆਰ ਕੀਤਾ ਗਿਆ ਪੰਡਾਲ ਸੱਭ ਤੋਂ ਵੱਡੀ ਮਿਸਾਲ ਹੈ ਜਿਸ ਵਿਚ ਵੱਡਾ ਘਪਲਾ ਹੋਇਆ ਹੈ। ਲੱਖਾਂ ਰੁਪਏ ਦੇ ਖ਼ਰਚਿਆਂ ਨੂੰ ਕਰੋੜਾਂ ਵਿਚ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਸ਼ਰਧਾ ਨਾਲ 2 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤਕ ਗੁਰੂ ਘਰਾਂ ਵਿਚ ਪੈਸਾ ਚੜਾਉਂਦੇ ਹਨ ਪਰ ਜੇ ਇਹ ਸ਼ਰਧਾ ਦਾ ਪੈਸਾ ਲੁਟਿਆ ਜਾਵੇ ਤਾਂ ਕਿਹੜਾ ਸੱਚਾ ਸਿੱਖ ਇਸ ਨੂੰ ਸਹਿਣ ਕਰੇਗਾ।

ਅਕਾਲੀ ਦਲ ਤੋਂ ਬਗਾਵਤ ਕੀਤੇ ਜਾਣ ਦੇ ਮਾਮਲੇ ਵਿਚ ਢੀਂਡਸਾ ਨੇ ਅੱਜ ਅਪਣਾ ਪੱਖ ਮੁੜ ਸਪਸ਼ਟ ਕਰਦੇ ਹੋਏ ਕਿਹਾ ਕਿ ਸਵਾਲ ਉਠਾਏ ਜਾ ਰਹੇ ਹਨ ਕਿ ਮੈਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਰੁਧ ਕਿਉਂ ਨਹੀਂ ਬੋਲਿਆ ਜਦੋਂ ਖੁਦ ਅਕਾਲੀ ਦਲ ਵਿਚ ਸੀ। ਢੀਂਡਸਾ ਨੇ ਕਿਹਾ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਉਨ੍ਹਾਂ ਦਾ ਤਰੀਕਾ ਸੁਖਬੀਰ ਬਾਦਲ ਤੋਂ ਕੁੱਝ ਵੱਖਰਾ ਸੀ। ਢੀਂਡਸਾ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਵਿਚ ਰਹਿੰਦਿਆਂ ਉਨ੍ਹਾਂ ਕੋਰ ਕਮੇਟੀ ਵਿਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਗੱਲ ਆਖੀ ਸੀ ਪਰ ਉਸ ਸਮੇਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਤੋਂ ਇਲਾਵਾ ਕਿਸੇ ਨੇ ਹਾਮੀ ਨਹੀਂ ਭਰੀ।

ਉਨ੍ਹਾਂ ਕਿਹਾ ਕਿ ਹਾਰ ਜਿੱਤ ਦੀ ਜ਼ਿੰਮਵਾਰੀ ਪ੍ਰਧਾਨ ਦੇ ਸਿਰ ਹੀ ਹੁੰਦੀ ਹੈ ਅਤੇ ਵਿਧਾਨ ਸਭਾ ਵਿਚ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਕਾਰਨ ਹੀ ਮੈਂ ਸੁਖਬੀਰ ਨੂੰ ਅਸਤੀਫ਼ਾ ਦੇਣ ਦੀ ਸਲਾਹ ਦਿਤੀ ਸੀ। ਢੀਂਡਸਾ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਮੈਂ ਅਹੁਦਿਆਂ ਤੋਂ ਅਸਤੀਫ਼ਾ ਦਿਤਾ ਤਾਂ ਉਸ ਤੋਂ ਬਾਅਦ ਪ੍ਰਕਾਸ਼ ਸਿੰਘ  ਬਾਦਲ ਅਤੇ ਸੁਖਬੀਰ ਮੇਰੇ ਘਰ ਆ ਕੇ ਬੈਠੇ ਰਹੇ ਸਨ ਅਤੇ ਮੈਨੂੰ ਮਨਾਉਣ ਦਾ ਯਤਨ ਵੀ ਕਰਦੇ ਰਹੇ ਸਨ। ਢੀਂਡਸਾ ਨੇ ਕਿਹਾ ਕਿ ਐਸ.ਜੀ.ਪੀ.ਸੀ. ਵਿਚ ਸਾਫ਼ ਸੁਥਰਾ ਪ੍ਰਬੰਧ ਸਥਾਪਤ ਕਰਨ ਲਈ ਸਨ ਮਿਲ ਕੇ ਆਵਾਜ਼ ਉਠਾਉਣੀ ਪਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਹਰਚਰਨ ਸਿੰਘ ਐਸ.ਜੀ.ਪੀ.ਸੀ. ਦੀਆਂ ਖਾਮੀਆਂ ਦਾ ਕਿਤਾਬ ਲਿਖਣ ਲਈ ਵਧਾਈ ਦੇ ਪਾਤਰ ਹਨ ਅਤੇ ਇਹ ਕਿਤਾਬ ਐਸ.ਜੀ.ਪੀ.ਸੀ. ਦੇ ਸੁਧਾਰਾਂ ਲਈ ਆਉਣ ਵਾਲੇ ਸਮੇਂ ਵਿਚ ਚਲਣ ਵਾਲੀ ਮੁਹਿੰਮ ਵਿਚ ਕਾਫੀ ਸਹਾਇਕ ਹੋ ਸਕਦੀ ਹੈ।