ਡਬਲਿਨ ਸਿੱਖ ਪਰੇਡ 'ਚ ਲਗਭਗ 2000 ਲੋਕ ਸ਼ਾਮਲ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਸਾਖੀ ਦੇ ਤਿਉਹਾਰ ਦੇ ਸਬੰਧ 'ਚ ਪਰੇਡ ਕੱਢੀ

Dublin Sikh parade

ਆਇਰਲੈਂਡ : ਡਬਲਿਨ ਦੇ ਸੈਂਡੀਮਾਊਂਟ ਇਲਾਕੇ 'ਚ ਕਰਵਾਈ ਸਿੱਖ ਪਰੇਡ 'ਚ ਲਗਭਗ 2000 ਲੋਕਾਂ ਨੇ ਹਿੱਸਾ ਲਿਆ। ਪਰੇਡ ਦਾ ਆਯੋਜਨ ਕਰਵਾਉਣ ਵਾਲੇ ਮਨਮੀਤ ਸਿੰਘ ਨੇ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਸਿੱਖਾਂ ਵੱਲੋਂ ਕਈ ਦਹਾਕਿਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ। ਇਸੇ ਤਿਉਹਾਰ ਦੇ ਸਬੰਧ 'ਚ ਇਹ ਪਰੇਡ ਕੱਢੀ ਗਈ ਸੀ। ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਜਗਤ ਲਈ ਇਹ ਦਿਹਾੜਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਖ਼ਾਲਸੇ ਦਾ ਜਨਮ ਦਿਹਾੜਾ ਹੈ।

ਇੱਕ ਵਿਸਾਖ ਸੰਮਤ 1756 ਭਾਵ 1699 ਈਸਵੀ ਦੀ ਵਿਸਾਖੀ ਵਾਲ਼ੇ ਦਿਨ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ 'ਚ ਜੁੜੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਲਹਿਰਾ ਕੇ ਸੰਗਤ ਵਿੱਚੋਂ ਸਿੱਖਾਂ ਦੇ ਸੀਸ ਦੀ ਮੰਗ ਕੀਤੀ, ਜਿਹੜੇ ਉਨ੍ਹਾਂ ਲਈ ਕੁਰਬਾਨੀ ਦੇ ਸਕਣ। ਸੰਗਤ ਵਿੱਚ ਸਹਿਮ ਛਾ ਗਿਆ। ਪੰਜ ਸਿੱਖ ਲਾਹੌਰ ਦਾ ਖੱਤਰੀ ਦਿਆ ਰਾਮ, ਹਸਤਨਾਪੁਰ ਦਾ ਜੱਟ ਧਰਮਦਾਸ, ਨੰਗਲ ਸ਼ਹੀਦਾਂ ਦਾ ਨਾਈ ਸਾਹਿਬ, ਸੰਗਤਪੁਰੇ ਦਾ ਹਿੰਮਤ ਝਿਊਰ ਅਤੇ ਦਵਾਰਕਾ ਦਾ ਛੀਂਬਾ ਮੁਹਕਮ ਚੰਦ ਨਿੱਤਰੇ।

ਗੁਰੂ ਜੀ ਨੇ ਉਨ੍ਹਾਂ ਮਰਜੀਵੜਿਆਂ ਨੂੰ ਪੰਜ ਪਿਆਰੇ ਆਖਿਆ ਤੇ ਆਪਣੀ ਹਿੱਕ ਨਾਲ ਲਾ ਲਿਆ। ਪੰਜਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਗਿਆ ਤੇ ਉਨ੍ਹਾਂ ਦੇ ਨਾਂ ਕ੍ਰਮਵਾਰ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮੋਹਕਮ ਸਿੰਘ ਰੱਖ ਦਿੱਤੇ। ਇਸ ਤੋਂ ਮਗਰੋਂ ਗੁਰੂ ਜੀ ਨੇ ਇਨ੍ਹਾਂ ਪੰਜਾਂ ਪਿਆਰਿਆਂ ਹੱਥੋਂ ਆਪ ਅੰਮ੍ਰਿਤ ਛਕਿਆ ਤੇ ਇੰਜ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਨਿਤਾਣਿਆਂ ਨੂੰ ਆਤਮਕ ਬਲ ਬਖ਼ਸ਼ ਕੇ ਸਾਂਝੀਵਾਲਤਾ ਦੀ ਨੀਂਹ ਰੱਖੀ। ਪੰਜਾਬ ਦੇ ਪ੍ਰਮੁੱਖ ਗੁਰਦੁਆਰਿਆਂ ਵਿਸ਼ੇਸ਼ ਕਰ ਕੇ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਪੁਰਬ ਖ਼ਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਧਾਰਮਿਕ ਦੀਵਾਨਾਂ ਵਿੱਚ ਸ਼ਾਮਲ ਹੁੰਦੀਆਂ ਹਨ।

ਮਨਜੀਤ ਸਿੰਘ ਨੇ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲ਼ੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਤੇ ਸੂਰਬੀਰ ਮਰਜੀਵੜਿਆਂ ਦੀ ਯਾਦ ਵੀ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਸਾਲ 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਨੂੰ ਕਿਵੇਂ ਭੁੱਲ ਸਕਦੇ ਹਾਂ? ਉਸ ਦਿਨ ਦੇਸ਼ ਦੀ ਆਜ਼ਾਦੀ ਲਈ ਕਾਮਨਾ ਕਰਨ ਵਾਲੇ ਹਜ਼ਾਰਾਂ ਨਿਹੱਥੇ ਪੰਜਾਬੀਆਂ ਉੱਤੇ ਅੰਗਰੇਜ਼ ਸਾਮਰਾਜ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਂਕੜਿਆਂ ਨੂੰ ਸ਼ਹਾਦਤ ਦਾ ਜਾਮ ਪਿਲਾ ਦਿੱਤਾ ਅਤੇ ਹਜ਼ਾਰਾਂ ਮਰਜੀਵੜੇ ਜ਼ਖ਼ਮੀ ਹੋ ਗਏ।

ਜ਼ਿਕਰਯੋਗ ਹੈ ਕਿ ਸਾਲ 2007 'ਚ ਆਇਰਲੈਂਡ ਦੀ ਸਰਕਾਰ ਨੇ ਉੱਥੇ ਗਾਰਡ ਰਿਜ਼ਰਵ ਦੀ ਟ੍ਰੇਨਿੰਗ ਲੈਣ ਵਾਲੇ ਸਿੱਖਾਂ ਨੂੰ ਦਸਤਾਰ ਨਾ ਪਹਿਨਣ ਦੀ ਹਦਾਇਤ ਦਿੱਤੀ ਸੀ। ਇਸ ਫ਼ੈਸਲੇ ਦਾ ਉੱਥੇ ਰਹਿ ਰਹੇ ਸਿੱਖਾਂ ਨੇ ਵਿਰੋਧ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਮਾਮਲਾ ਉੱਥੇ ਦੀ ਹਾਈ ਕੋਰਟ 'ਚ ਵਿਚਾਰ ਅਧੀਨ ਸੀ। ਬੀਤੇ ਵੀਰਵਾਰ ਗਾਰਡ ਕਮਿਸ਼ਨਰ ਡ੍ਰਿਊ ਹੈਰਿਸ ਨੇ ਐਲਾਨ ਕੀਤਾ ਸੀ ਕਿ ਟ੍ਰੇਨਿੰਗ ਲੈਣ ਲਈ ਦਸਤਾਰ ਨਾ ਪਹਿਨਣ ਦੇ ਫ਼ੈਸਲੇ ਨੂੰ ਵਾਪਸ ਲਿਆ ਜਾ ਰਿਹਾ ਹੈ।