ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਸ਼ਰਧਾਲੂ ਪਰਿਵਾਰ ਨੇ ਚੜ੍ਹਾਇਆ ਇੱਕ ਕਿੱਲੋ ਸੋਨਾ
ਇਹ ਸੋਨਾ ਉਹਨਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿਚ ਭੇਟ ਕੀਤਾ ਹੈ।
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਮੇਹਰ ਸਿੰਘ ਚਾਂਦਨਾ ਵੱਲੋਂ ਇੱਕ ਕਿੱਲੋ ਸੋਨਾ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ ਹੈ। ਇਹ ਸੋਨਾ ਉਹਨਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿਚ ਭੇਟ ਕੀਤਾ ਹੈ। ਸ. ਮੇਹਰ ਸਿੰਘ ਨੇ ਦੱਸਿਆ ਕਿ ਇਹ ਉਹਨਾਂ ਦੇ ਬੇਟੇ ਸਵਰਗੀ ਮਨਦੀਪ ਸਿੰਘ ਚਾਂਦਨਾ ਦੀ ਇੱਛਾ ਸੀ, ਜਿਸ ਨੂੰ ਪੂਰਾ ਕੀਤਾ ਹੈ। ਉਹਨਾਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ, ਜਿਥੋਂ ਆਤਮਿਕ ਅਤੇ ਮਾਨਸਿਕ ਅਗਵਾਈ ਮਿਲਦੀ ਹੈ।
Darbar Sahib
ਉਹਨਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਮਾਨਵਤਾ ਨੂੰ ਸੁੱਖ-ਸ਼ਾਂਤੀ ਬਖ਼ਸ਼ਿਸ਼ ਕਰਨ ਤੇ ਸਰਬੱਤ ਦਾ ਭਲਾ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਵਿਖੇ ਭੇਟਾਵਾਂ ਅਰਪਣ ਕਰਦੀਆਂ ਹਨ, ਜਿਸ ਤਹਿਤ ਕੈਨੇਡਾ ਨਿਵਾਸੀ ਸ. ਮੇਹਰ ਸਿੰਘ ਚਾਂਦਨਾ ਨੇ ਸੋਨੇ ਦੀ ਸੇਵਾ ਕਰਵਾਈ ਹੈ। ਉਹਨਾਂ ਸ਼ਰਧਾਲੂ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਅੰਤ੍ਰਿੰਗ ਮੈਂਬਰ ਬੀਬੀ ਗੁਰਪ੍ਰੀਤ ਕੌਰ, ਵਧੀਕ ਸਕੱਤਰ ਪ੍ਰਤਾਪ ਸਿੰਘ ਤੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਸ. ਮੇਹਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।