ਪੰਥਕ ਧਿਰਾਂ ਨੇ ਅਕਾਲੀ ਆਗੂ ਹਰੀ ਸਿੰਘ ਜ਼ੀਰਾ ਦੀ ਕੋਠੀ ਅੱਗੇ ਲਾਇਆ ਧਰਨਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਵਿਚ ਨਿਰਦੋਸ਼ਾਂ ਸਿੰਘਾਂ 'ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਿਚ ਅਕਾਲੀ ਦਲ............
ਜ਼ੀਰਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਵਿਚ ਨਿਰਦੋਸ਼ਾਂ ਸਿੰਘਾਂ 'ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਿਚ ਅਕਾਲੀ ਦਲ ਦਾ ਨਾਮ ਸਪੱਸ਼ਟ ਰੂਪ 'ਚ ਆ ਜਾਣ ਤੇ ਅਕਾਲੀਆਂ ਦੀ ਸੌਦਾ ਸਾਧ ਨਾਲ ਯਾਰੀ ਜੱਗ ਜ਼ਾਹਿਰ ਹੋਣ 'ਤੇ ਪੰਥਕ ਧਿਰਾਂ ਨੇ ਅਕਾਲੀ ਦਾ ਵਿਰੋਧ ਸ਼ੁਰੂ ਕਰ ਦਿਤਾ ਹੈ ਪਰ ਪਿਛਲੇ ਦਿਨੀਂ ਅਕਾਲੀ ਦੇ ਸੱਦੇ 'ਤੇ ਅਕਾਲੀਆਂ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਜ਼ੀਰਾ ਦੇ ਮੁੱਖ਼ ਚੌਕ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਧੀ, ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ,
ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕਣ ਸਮੇਂ ਇਲਾਕੇ ਦੀਆਂ ਪੰਥਕ ਸਖ਼ਸ਼ੀਅਤਾਂ ਬਾਰੇ ਬੋਲੀ ਗਈ ਮਾੜੀ ਸ਼ਬਦਾਵਲੀ ਤੋਂ ਰੋਹ ਵਿਚ ਆਈਆਂ ਪੰਥਕ ਧਿਰਾਂ ਨੇ ਬਾਬਾ ਬਲਕਾਰ ਸਿੰਘ ਭਾਗੋ ਦੀ ਅਗਵਾਈ ਹੇਠ ਵਿਚ ਸਾਬਕਾ ਮੰਤਰੀ ਜਥੇ. ਹਰੀ ਸਿੰਘ ਜ਼ੀਰਾ ਦੀ ਕੋਠੀ ਦਾ ਘਿਰਾਓ ਕਰ ਕੇ ਅਕਾਲੀ ਦਲ ਬਾਦਲ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਨੂੰ ਬਲਕਾਰ ਸਿੰਘ ਭਾਗੋ ਕੇ, ਹਰਭਜ਼ਨ ਸਿੰਘ ਸਭਰਾਂ, ਸੁਖਵਿੰਦਰ ਸਿੰਘ ਡੱਲੇਕਾ, ਮੇਹਰ ਸਿੰਘ ਬਾਹਰਵਾਲੀ, ਗੁਰਭੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਸਤਿਕਾਰ ਕਮੇਟੀ, ਲਖਵੀਰ ਸਿੰਘ ਮਹਾਂਲਮ,
ਸੁਖਦੇਵ ਸਿੰਘ ਮਹੀਆ ਵਾਲਾ, ਗੁਰਜੀਵਨ ਸਿੰਘ ਪੰਡੋਰੀ ਖੱਤਰੀਆਂ, ਜਥੇ. ਗੁਰਮੀਤ ਸਿੰਘ ਮੁਖੀ ਆਲ ਇੰਡੀਆ ਦਸ਼ਮੇਸ਼ ਦਲ ਖ਼ਾਲਸਾ, ਰਮਨਦੀਪ ਸਿੰਘ ਖਡੂਰ ਆਦਿ ਨੇ ਸੰਬੋਧਨ ਕਰਦਿਆਂ ਬਾਦਲਾਂ ਦੇ ਪੋਤੜੇ ਫਰੋਲੇ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਜ਼ੀਰਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰ ਮੂਹਰੇ ਜੋ ਧਰਨਾ ਲਗਾਇਆ ਗਿਆ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸ ਧਰਨੇ ਵਿਚ ਕਾਂਗਰਸੀ ਵੀ ਸ਼ਾਮਲ ਹਨ।