ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦੀ ਕੀਤੀ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਬਾਣੀ ਦੇ ਗੁਟਕਾ ਸਾਹਿਬ 'ਤੇ ਛਾਪੇ ਵਪਾਰਕ ਇਸ਼ਤਿਹਾਰ

Delhi Sikh Gurdwara Management Committee sacrilege Gurbani

ਮਾਨਸਾ : ਸਿੱਖ ਧਰਮ ਵਿਚ ਪ੍ਰਚਲਤ ਸ਼ਬਦ ਗੁਰੂ ਸਿਧਾਂਤ ਨੂੰ ਖੋਰਾ ਲਾਉਣ ਲਈ ਹੁਣ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਪਤ ਰੂਪ ਵਿਚ ਆਰੰਭੀਆਂ ਹੋਈਆਂ ਕਾਰਵਾਈਆਂ ਦਾ ਪਰਦਾਫ਼ਾਸ਼ ਹੋਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਸਿਆ ਹੈ ਕਿ ਦਿੱਲੀ ਕਮੇਟੀ ਨੇ ਜੋ ਨਿਤਨੇਮ ਲਈ ਗੁਰਬਾਣੀ ਦੇ ਗੁਟਕਾ ਸਾਹਿਬ ਛਾਪੇ ਹਨ ਉਨ੍ਹਾਂ 'ਤੇ ਜਿਥੇ ਵਪਾਰੀਆਂ ਦੇ ਨਿਜੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਇਸ਼ਤਿਹਾਰ ਛਾਪੇ ਜਾਂਦੇ ਹਨ ਉਥੇ ਹੀ ਲਿਪੀਆਂਤਰ ਵੀ ਗ਼ਲਤ ਦਰਜ ਕੀਤਾ ਹੈ।  ਦਿੱਲੀ ਕਮੇਟੀ ਸਿੱਖ ਸੰਗਤਾਂ ਦੇ ਪੈਸੇ ਨਾਲ ਹੀ ਸਿੱਖੀ ਪ੍ਰਚਾਰ ਨਹੀਂ ਕਰ ਰਹੀ ਬਲਕਿ ਨੁਕਸਾਨ ਕਰਨ ਵਿਚ ਰੁਝੀ ਹੋਈ ਹੋਈ ਹੈ।

ਸੁਖਚੈਨ ਸਿੰਘ ਅਤਲਾ ਨੇ ਸਪੋਕਸਮੈਨ ਨੂੰ ਇਸ਼ਤਿਹਾਰਾਂ ਵਾਲੇ ਗੁਰਬਾਣੀ ਦੇ ਇਨ੍ਹਾਂ ਗੁਟਕਿਆਂ ਦੀਆਂ ਫ਼ੋਟੋਆਂ ਦਿੰਦੇ ਹੋਏ ਕਿਹਾ ਕਿ ਸਿੱਖ ਧਰਮ ਦੇ ਸ਼ਬਦ ਗੁਰੂ ਸਿਧਾਂਤ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦੇ ਲੀਡਰ ਸਰਕਾਰਾਂ, ਐਸਜੀਪੀਸੀ ਅਤੇ ਅਦਾਲਤਾਂ 'ਤੇ ਭਾਰੂ ਹਨ। ਇਨ੍ਹਾਂ ਹੀ ਤਾਕਤਾਂ ਵਲੋਂ ਪ੍ਰਾਈਵੇਟ ਪਬਲਿਸ਼ਰਜ਼ ਰਾਹੀਂ ਲਗਾਤਾਰ ਗੁਰਬਾਣੀ ਨਾਲ ਸਬੰਧਤ ਪੋਥੀਆਂ, ਗੁਟਕੇ ਅਤੇ ਸਿੱਖ ਇਤਿਹਾਸ ਦੀ ਰੂਹ ਨੂੰ ਮਾਰਨ ਵਾਲਾ ਮਟੀਰੀਅਲ ਬਿਨਾਂ ਕਿਸੇ ਡਰ ਅਤੇ ਭੈਅ ਦੇ ਛਾਪ ਕੇ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਹੈ।

ਐਸਜੀਪੀਸੀ ਨੇ ਲੰਘੇ ਤਿੰਨ ਦਹਾਕਿਆਂ ਵਿਚ ਗੁਰਬਾਣੀ ਅਤੇ ਗੁਰ ਇਤਿਹਾਸ ਦੇ ਅਪਮਾਨ ਸਮੇਤ ਪੰਜਾਬ ਤੇ ਸਿੱਖ ਸਭਿਆਚਾਰ ਦਾ ਸੱਭ ਤੋਂ ਵੱਧ ਨੁਕਸਾਨ ਕਰ ਕੇ ਕਾਲੇ ਇਤਿਹਾਸ ਦੇ ਦਰਜਨਾਂ ਨਵੇਂ ਹੋਰ ਚੈਪਟਰ ਲਿਖ ਦਿਤੇ ਹਨ। ਭਾਈ ਅਤਲਾ ਨੇ ਕਿਹਾ ਅੰਮ੍ਰਿਤਸਰ ਕਮੇਟੀ ਅਤੇ ਦਿੱਲੀ ਕਮੇਟੀ ਅੰਦਰ ਸਿੱਖ ਵਿਰੋਧੀ ਲਾਬੀ ਦੀ ਦਹਾਕਿਆਂ ਤੋਂ ਮਜ਼ਬੂਤ ਪਕੜ ਬਣੀ ਹੋਈ ਹੈ। ਇਹੀ ਲਾਬੀ ਸਿੱਖ ਗੁਰੂ ਸਾਹਿਬ ਜੀ ਦੇ ਜੀਵਨ ਆਧਾਰਤ ਫ਼ਿਲਮਾਂ ਬਣਾਉਣ ਅਤੇ ਮਨਜ਼ੂਰੀਆਂ ਦਿਵਾਉਣ ਲਈ ਵਾਰ ਵਾਰ ਸਰਗਰਮ ਹੁੰਦੀ ਹੈ ਤਾਂ ਜੋ ਸਿੱਖ ਫ਼ਲਸਫ਼ੇ ਦਾ ਨੁਕਸਾਨ ਕੀਤਾ ਜਾਵੇ ਅਤੇ ਚੌਖਾ ਪੈਸਾ ਵੀ ਕਮਾਇਆ ਜਾ ਸਕੇ।

ਉਨ੍ਹਾਂ ਕਿਹਾ ਐਸਜੀਪੀਸੀ ਦੇ ਅਧਿਕਾਰੀ ਅਪਣਾ ਫ਼ਰਜ਼ ਭੁਲ ਕੇ ਵੱਧ ਤੋਂ ਵੱਧ ਧਨ ਕਮਾਉਣ ਦੀ ਦੌੜ ਵਿਚ ਮਸ਼ਰੂਫ਼ ਹਨ। ਲੰਘੇ ਤਿੰਨ ਦਹਾਕਿਆਂ ਵਿਚ ਐਸਜੀਪੀਸੀ ਦੇ ਅਧਿਕਾਰੀਆਂ ਨੇ ਸਿੱਖ ਵਿਰੋਧੀ ਤਾਕਤਾਂ ਵਿਰੁਧ ਅਤੇ ਸਿੱਖ ਕੌਮ ਦੇ ਹੱਕ ਅਜਿਹਾ ਕੋਈ ਇਕ ਵੀ ਮਿਸਾਲੀ ਕੰਮ, ਜਾਂਚ ਪੜਤਾਲ ਜਾਂ ਫ਼ੈਸਲਾ ਨਹੀਂ ਲਿਆ ਜੋ ਇਤਿਹਾਸ ਵਿਚ ਦਰਜ ਹੋ ਸਕੇ।