ਕਰਤਾਰਪੁਰ ਸਾਹਿਬ ਮਨੁੱਖਤਾ ਦੇ ਕਲਿਆਣ ਦਾ ਮਾਡਲ ਹੈ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਮਾਡਲ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਚਾੜ੍ਹ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਤਲੋਗਾਰਦ ਦੇ ਹਮਾਇਤੀ ਹਨ।

Photo

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਅਹੁਦੇਦਾਰਾਂ ਸਤਵੰਤ ਸਿੰਘ ਮਾਣਕ, ਪ੍ਰਵੀਨ ਕੁਮਾਰ, ਕ੍ਰਿਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਤੇ ਗੁਰਜੀਤ ਸਿੰਘ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸਮਝਦੇ ਹਨ ਗੁਜਰਾਤ ਮਾਡਲ ਹੋਵੇ, ਦਿੱਲੀ ਮਾਡਲ ਜਾਂ ਨਾਗਪੁਰ ਮਾਡਲ ਸੱਭ ਮਾਡਲ ਵੇਲਾ ਵਿਹਾ ਚੁੱਕੇ ਹਨ।

ਇਹ ਮਾਡਲ ਸਾਰੇ ਮੰਨੂੰਵਾਦੀ ਵਿਕਾਸ ਮਾਡਲ ਹਨ। ਇਹ ਝੂਠੇ ਵਿਕਾਸ ਤੇ ਝੂਠੇ ਇਨਸਾਫ਼ ਦੇ ਮਾਡਲ ਹਨ। ਇਹ ਮਾਡਲ ਧਾਰਮਕ ਦੁਸ਼ਮਣੀਆਂ ਕੱਢਣ ਵਾਲੇ ਹਨ। ਇਹ ਮਾਡਲ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਚਾੜ੍ਹ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਤਲੋਗਾਰਦ ਦੇ ਹਮਾਇਤੀ ਹਨ।

ਕਿਸਾਨ-ਗ਼ਰੀਬ ਨੂੰ ਖ਼ੁਦਕੁਸ਼ੀਆਂ ਵਿਚ ਧੱਕਣ ਵਾਲੇ ਮਾਡਲ ਹਨ। ਅਪਣੇ ਦੇਸ਼ ਦੇ ਲੋਕਾਂ ਨੂੰ, ਬੱਚਿਆਂ ਨੂੰ, ਔਰਤਾਂ ਨੂੰ ਰਾਸ਼ਟਰਧ੍ਰੋਹੀ ਦਸਣ ਵਾਲੇ ਮਾਡਲ ਹਨ। ਇਹ ਮਾਡਲ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਮਾਡਲ ਹਨ। ਇਹੋ ਮਾਡਲ 25-30 ਸਾਲ ਗ਼ੈਰ-ਕਾਨੂੰਨੀ ਬੰਦੀ ਸਿੱਖਾਂ ਨੂੰ ਜੇਲਾਂ ਵਿਚ ਰੋਲਦਾ ਹੈ।

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਾਵੇਂ ਲੰਬਾ ਸਮਾਂ ਦਿੱਲੀ ਮਾਡਲ ਜਾਂ ਮੰਨੂਵਾਦੀਆਂ ਦੇ ਵਿਕਾਸ ਮਾਡਲ ਨੂੰ ਜਾਇਜ਼ ਠਹਿਰਾਇਆ ਪਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਉਨ੍ਹਾਂ ਮੰਨ ਲਿਆ ਸੀ ਕਿ ਕਰਤਾਰਪੁਰ ਸਾਹਿਬ ਦਾ ਮਾਡਲ ਹੀ ਦੇਸ਼ ਤੇ ਸੰਸਾਰ ਦੇ ਲੋਕਾਂ ਦਾ ਕਲਿਆਣ ਕਰ ਸਕਦਾ ਹੈ।

ਉਨ੍ਹਾਂ ਅਨੁਸਾਰ ਸਾਰੇ ਮਾਡਲ ਫ਼ੇਲ੍ਹ ਹੋ ਚੁਕੇ ਹਨ। ਕੇ.ਐਮ.ਓ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਮਾਡਲ ਹੀ ਪੰਜਾਬ, ਦੇਸ਼ ਤੇ ਸੰਸਾਰ ਦੇ ਲੋਕਾਂ ਦਾ ਭਲਾ ਕਰ ਸਕਦਾ ਹੈ ਕਿਉਂਕਿ ਇਹ ਮਾਡਲ ਨਿਮਾਣਿਆਂ, ਨਿਤਾਣਿਆਂ ਤੇ ਗ਼ਰੀਬਾਂ ਦੀ ਬਾਂਹ ਫੜਦਾ ਹੈ।