Sikh student beaten: LLB ਦੀ ਪੜ੍ਹਾਈ ਕਰ ਰਹੇ 19 ਸਾਲਾ ਸਿੱਖ ਵਿਦਿਆਰਥੀ ਦੀ ਕੀਤੀ ਕੁੱਟਮਾਰ ਤੇ ਦਸਤਾਰ ਲਾਹੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਲਿਸ ਚੌਕੀ ਦਾ ਘਿਰਾਉ ਕਰਨ ਦੇ ਬਾਵਜੂਦ 20 ਘੰਟੇ ਬੀਤਣ ਉਪਰੰਤ ਵੀ ਨਹੀਂ ਮਿਲਿਆ ਇਨਸਾਫ਼

Sikh student beaten and turban removed

Sikh student beaten: ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਜ਼ਿਲ੍ਹਾ ਪ੍ਰਮੁੱਖ ਅਤੇ ਏਪੀਜੇ ਅਬਦੁਲ ਕਲਾਮ ਕਾਲਜ ਇੰਦੋਰ ਵਿਖੇ ਬੀਏਐਲਐਲਬੀ ਦੀ ਪੜ੍ਹਾਈ ਕਰ ਰਹੇ ਸਿੱਖ ਵਿਦਿਆਰਥੀ ਦੀ ਬਿਨਾਂ ਕਸੂਰੋਂ ਪੁਲਿਸ ਵਲੋਂ ਬੇਤਹਾਸ਼ਾ ਕੁੱਟਮਾਰ ਕੀਤੀ, ਉਸ ਦੀ ਦਸਤਾਰ ਲਾਹ ਦਿਤੀ ਤੇ ਵਿਦਿਆਰਥੀਆਂ ਵਲੋਂ ਪੁਲਿਸ ਚੌਂਕੀ ਦਾ ਘਿਰਾਉ ਕੀਤਾ ਗਿਆ। 7 ਅਤੇ 8 ਅਪੈ੍ਰਲ ਦੀ ਦਰਮਿਆਨੀ ਰਾਤ ਨੂੰ ਪੀੜਤ ਲੜਕੇ ਦੇ ਮਾਪਿਆਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਵਿਦਿਆਰਥੀਆਂ ਨੇ ਪੁਲਿਸ ਚੌਕੀ ਮੂਹਰੇ ਰੋਸ ਧਰਨਾ ਦੇ ਕੇ ਨਾਹਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।

ਰਾਤ ਨੂੰ ਪੁਲਿਸ ਨੇ ਸਵੇਰੇ ਇਨਸਾਫ਼ ਦੇਣ ਦਾ ਵਿਸ਼ਵਾਸ ਦਿਵਾਇਆ ਪਰ 8 ਅਪੈ੍ਰਲ ਦੇ ਸ਼ਾਮ 7:00 ਵਜੇ ਤਕ ਪੀੜਤ ਪ੍ਰਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਉਕਤ ਮਾਮਲੇ ਦਾ ਹੈਰਾਨੀਜਨਕ ਅਤੇ ਦਿਲਚਸਪ ਪਹਿਲੂ ਇਹ ਵੀ ਹੈ ਕਿ ਮਹਿਜ 19 ਸਾਲ ਦੇ ਪੀੜਤ ਲੜਕੇ ਰਾਜਦੀਪ ਸਿੰਘ ਭਾਟੀਆ ਦੇ ਪਿਤਾ ਮਗਨ ਸਿੰਘ ਭਾਟੀਆ ਸਿਕਲੀਗਰ ਸਿੱਖ ਸਮਾਜ ਦੇ ਰਾਸ਼ਟਰੀ ਪ੍ਰਧਾਨ ਹਨ, ਭਾਜਪਾ ਦੇ ਵਿਮੁਕਤ ਜਾਤੀਆਂ ਦੇ ਸੂਬਾਈ ਕਾਰਜਕਾਰਨੀ ਦੇ ਮੈਂਬਰ ਹੋਣ ਦੇ ਨਾਲ-ਨਾਲ ਖ਼ੁਦ ਨੂੰ ਪੈਦਾਇਸ਼ੀ ਭਾਜਪਾ ਦੇ ਮੈਂਬਰ ਮੰਨਦੇ ਹਨ।

ਪੀੜਤ ਲੜਕੇ ਦੇ ਪਿਤਾ ਮਗਨ ਸਿੰਘ ਭਾਟੀਆ ਮੁਤਾਬਕ ਉਸ ਦਾ ਬੇਟਾ ਰਾਜਦੀਪ ਅਤੇ ਭਾਣਜਾ ਪ੍ਰਤਾਪ ਸਿੰਘ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਘਰੋਂ ਨਿਕਲੇ ਤੇ ਜਦ ਵਾਪਸ ਘਰ ਪਰਤ ਰਹੇ ਸਨ ਤਾਂ ਪੁਲਿਸ ਚੌਕੀ ਦੇ ਸ਼ਰਾਬ ਦੇ ਨਸ਼ੇ ਵਿਚ ਮੁਲਾਜ਼ਮਾਂ ਨੇ ਰਾਜਦੀਪ ਨੂੰ ਉਸ ਦੇ ਅੰਦਰੋਂ ਨੇਤਾਗਿਰੀ ਕੱਢਣ ਦਾ ਕਹਿ ਕੇ ਕੁੱਟਣਾ ਸ਼ੁਰੂ ਕਰ ਦਿਤਾ। ਪ੍ਰਤਾਪ ਸਿੰਘ ਵਲੋਂ ਛੁਡਾਉਣ ਲਈ ਮਿੰਨਤ-ਤਰਲਾ ਕੀਤਾ ਗਿਆ ਪਰ ਉਨ੍ਹਾਂ ਰਾਜਦੀਪ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੀ ਰੇਂਜ ਤੋਂ ਪਾਸੇ ਲਿਜਾਣ ਮੌਕੇ ਘੜੀਸਿਆ ਅਤੇ ਉਹਲੇ ਵਿਚ ਲਿਜਾ ਕੇ ਕਿਸੇ ਵਾਹਨ ਦੀ ਆੜ ਵਿਚ ਫਿਰ ਕੁਟਾਪਾ ਚਾੜਨਾ ਸ਼ੁਰੂ ਕਰ ਦਿਤਾ।

ਮਗਨ ਸਿੰਘ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਗੰਦੀਆਂ ਗਾਲ੍ਹਾਂ ਦੀ ਵਰਤੋਂ ਕੀਤੀ, ਜੋ ਦੁਹਰਾਉਣੀਆਂ ਵੀ ਮੁਸ਼ਕਲ ਜਾਪਦੀਆਂ ਹਨ। ਉਨ੍ਹਾਂ ਦਸਿਆ ਕਿ ਵਿਦਿਆਰਥੀਆਂ ਨੇ ਸਾਰੀ ਰਾਤ ਪੁਲਿਸ ਚੌਕੀ ਮੂਹਰੇ ਰੋਸ ਧਰਨਾ ਦੇ ਕੇ ਨਾਹਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਪਰ ਦਿਨ ਸਮੇਂ ਐਸਐਸਪੀ ਅਤੇ ਐਸ.ਪੀ. ਵਰਗੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਦਾ ਕਹਿ ਕੇ ਬੇਵਸੀ ਜ਼ਾਹਰ ਕਰਦਿਆਂ ਪੱਲਾ ਝਾੜ ਦਿਤਾ।
ਸੱਚਖੰਡ ਸੇਵਾ ਸੁਸਾਇਟੀ ਦਿੱਲੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਸਿਰਫ਼ ਘੱਟ ਗਿਣਤੀ ਅਰਥਾਤ ਸਿੱਖ ਹੋਣ ਨਾਤੇ ਭਾਜਪਾ ਸਰਕਾਰ ਦੀ ਪੁਲਿਸ ਵਲੋਂ ਹੀ ਜ਼ਿਆਦਤੀ ਅਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਫਿਰ ਆਮ ਸਿੱਖ ਇਨਸਾਫ਼ ਦੀ ਕਿਥੋਂ ਆਸ ਕਰੇਗਾ। ਉਨ੍ਹਾਂ ਦਸਿਆ ਕਿ ਘਟਨਾ ਦੇ 20 ਘੰਟੇ ਬੀਤਣ ਅਤੇ ਸੰਘਰਸ਼ ਦੇ ਬਾਵਜੂਦ ਵੀ ਅਜੇ ਤਕ ਪੁਲਿਸ ਨੇ ਨਾ ਤਾਂ ਅਪਣੇ ਮੁਲਾਜ਼ਮਾਂ ਵਿਰੁਧ ਕਾਰਵਾਈ ਕੀਤੀ ਤੇ ਨਾ ਹੀ ਪੀੜਤ ਦੀ ਸਾਰ ਲੈਣ ਦੀ ਜ਼ਰੂਰਤ ਸਮਝੀ।