ਅਖੌਤੀ ਮੂਲ ਸਰੋਤਾਂ ਵਿਚ ਦਰਜ ਕਥਾ ਕਹਾਣੀਆਂ ਪੜ੍ਹ ਕੇ ਸਿੱਖ ਪੰਥ ਦੀ ਹੋਂਦ ਹਸਤੀ ਹੀ ਖ਼ਤਰੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਰਿੰਦਰ ਮੋਦੀ ਜੋ ਕਹਿੰਦੇ ਹਨ, ਉਹ ਇਥੋਂ ਤਕ ਤਾਂ ਠੀਕ ਹੈ ਕਿ 'ਦਸਮ ਗ੍ਰੰਥ' ਵਿਚ ਇਹ ਚੀਜ਼ਾਂ ਮੌਜੂਦ ਹਨ ਤੇ ਸਪੋਕਸਮੈਨ ਦਹਾਕਿਆਂ ਤੋਂ ਇਨ੍ਹਾਂ ਬਾਰੇ ਸੁਚੇਤ ਕਰਦਾ ਆ ਰਿਹੈ

Photo

ਅੰਮ੍ਰਿਤਸਰ (ਪਰਮਿੰਦਰਜੀਤ) : ਸਿੱਖ ਪੰਥ ਦੀ ਆਜ਼ਾਦ ਹਸਤੀ ਅਤੇ ਅਡਰੀ ਹਂੋਦ ਨੂੰ ਖ਼ਤਰਾ ਤਾਂ ਸਿੱਖਾਂ ਦੇ ਇਤਿਹਾਸਕ ਦੇ ਮੂਲ ਸਰੋਤ ਮੰਨੇ ਜਾਂਦੇ ਗ੍ਰੰਥਾਂ ਤੋਂ ਹੀ ਹੈ। ਇਨ੍ਹਾਂ ਅਖੌਤੀ ਮੂਲ ਸਰੋਤਾਂ ਵਿਚ ਦਰਜ ਕਥਾ ਕਹਾਣੀਆਂ ਪੜ੍ਹ ਕੇ ਸਿੱਖ ਪੰਥ ਦੀ ਹੋਂਦ ਹਸਤੀ ਹੀ ਖ਼ਤਰੇ ਵਿਚ ਮਹਿਸੂਸ ਹੁੰਦੀ ਹੈ।  ਆਖ਼ਿਰ ਉਹੀ ਹੋ ਰਿਹਾ ਹੈ ਜਿਸ ਦੀ ਸ਼ੰਕਾ ਲੰਮੇ ਸਮੇਂ ਤੋਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਕਰ ਰਹੇ ਸਨ।

ਸਿੱਖ ਜਥੇਬੰਦੀਆਂ ਦਾ ਇਕ ਹਿੱਸਾ ਦਸਮ ਗ੍ਰੰਥ ਦੇ ਹੱਕ ਵਿਚ ਰਿਹਾ ਅਤੇ ਇਨ੍ਹਾਂ ਹਮੇਸ਼ਾ ਜੋਗਿੰਦਰ ਸਿੰਘ ਦੁਆਰਾ ਉਠਾਏ ਨੁਕਤਿਆਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੂੰ  ਨਾਸਤਿਕ ਅਤੇ ਧਰਮ ਦਾ ਬਾਗੀ ਕਹਿਣਾ ਸ਼ੁਰੂ ਕਰ ਦਿਤਾ।  ਹਾਲਾਂਕਿ ਜੋਗਿੰਦਰ ਸਿੰਘ ਨੇ ਧਰਮ ਵਿਚ ਆਈਆਂ ਉਣਤਾਈਆਂ ਬਾਰੇ ਸਿੱਖ ਪੰਥ ਨੂੰ ਸੁਚੇਤ ਕੀਤਾ ਸੀ।

ਰਾਮ ਮੰਦਰ ਦੇ ਨੀਂਹ ਪੱਥਰ ਰੱਖਣ ਸਮੇਂ ਗਿਆਨੀ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ ਲਵ ਕੁਸ਼ ਦੀ ਸੰਤਾਨ ਕਹਿਣਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਗੋਬਿੰਦ ਰਮਾਇਣ ਦਾ ਜ਼ਿਕਰ ਕਰਨਾ ਦਸਦਾ ਹੈ ਕਿ ਇਤਿਹਾਸ ਵਿਚ ਹੀ ਗੜਬੜ ਹੈ। ਦਸਮ ਗ੍ਰੰਥ ਵਿਚ ਚੋਵੀ ਅਵਤਾਰਾਂ ਦਾ ਜ਼ਿਕਰ ਮਿਲਦਾ ਹੈ। ਇਨ੍ਹਾਂ ਅਵਤਾਰਾਂ ਵਿਚ ਮੱਛ, ਕੱਛ, ਨਰ, ਨਰਾਇਣ, ਮਹਾਮੋਹਨੀ, ਵੈਰਾਹ, ਨਰਸਿੰਘ, ਬਾਵਨ, ਪਰਸਰਾਮ, ਬ੍ਰਹਮਾਂ, ਸ਼ਿਵ, ਜਲੰਧਰ, ਵਿਸ਼ਨੂੰ, ਅਰਹੰਤ ਦੇਵ, ਰਾਜਾ ਮਨੁ, ਧਨੰਤਰ ਵੈਦ, ਸੂਰਜ, ਚੰਦ ਸਮੇਤ ਵੀਹਵਾਂ ਅਵਤਾਰ ਸ੍ਰੀ ਰਾਮ ਦਾ ਦਸਿਆ ਗਿਆ ਹੈ।

ਸ੍ਰੀ ਰਾਮ ਅਵਤਾਰ ਨਾਮਕ ਅਧਿਆਏ ਵਿਚ ਉਹੀ ਕੁੱਝ ਲਿਖਿਆ ਮਿਲਦਾ ਹੈ ਜੋ  ਰਮਾਇਣ ਵਿਚ ਮਿਲਦਾ ਹੈ। ਇਸ ਸਾਰੇ ਅਧਿਆਏ ਵਿਚ ਮਰੀਚ ਕਤਲ, ਸੀਤਾ ਸਵੰਬਰ, ਅਉਂਧ ਪ੍ਰਵੇਸ਼ ਵਰਨਣ, ਬਨਵਾਸ ਵਰਨਣ, ਵਣ ਪ੍ਰਵੇਸ਼ ਵਰਨਣ, ਖਰ ਅਤੇ ਦੂਖਣ ਦੈਂਤ ਯੁੱਧ ਵਰਨਣ, ਸੀਤਾ ਹਰਨ ਵਰਨਣ, ਸੀਤਾ ਖੋਜ ਵਰਨਣ, ਹਨੁਮਾਨ ਲੰਕਾ ਭੇਜਣਾ, ਪ੍ਰਹਸਤ ਯੁੱਧ ਵਰਨਣ, ਤ੍ਰਿਮੁੰਡ ਯੁੱਧ ਵਰਨਣ, ਮਹੋਦਰ ਮੰਤਰੀ ਯੁੱਧ ਵਰਨਣ ਤੋ ਲੈ ਕੇ ਮੇਘਨਾਦ ਯੁੱਧ, ਲੱਛਮਣ ਮੂਰਛਾ ਵਰਨਣ, ਰਾਵਨ :ਯੁੱਧ ਵਰਨਣ, ਸੀਤਾ ਮਿਲਾਪ ਤੋਂ ਲੈ ਕੇ ਅਯੋਧਿਆ ਆਗਮਨ, ਮਾਤਾ ਮਿਲਾਪ, ਸੀਤਾ ਬਣਵਾਸ, ਰਾਮ ਯੁਧ ਵਰਨਣ ਆਦਿ ਤਕ ਦਾ ਜ਼ਿਕਰ ਹੈ।

ਇਹ ਸਾਡੇ  ਇਤਿਹਾਸ ਵਿਚ ਸ਼ਾਮਲ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਦਸਮ ਗ੍ਰੰਥ ਵਿਚ ਇਹ ਰਾਮਇਣ ਸ਼ਾਮਲ ਹੈ ਤੇ ਦਸਮ ਗ੍ਰੰਥ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤਖ਼ਤ ਸ੍ਰੀ ਹਰਿੰਮਦਰ ਜੀ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਵਾਂਗ ਇਸ ਗ੍ਰੰਥ ਤੋਂ ਹੁਕਮਨਾਮਾ ਵੀ ਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਰਮਾਇਣ ਤੇ ਅੰਤ ਵਿਚ ਲਿਖਿਆ ਮਿਲਦਾ ਹੈ ਕਿ ਜੋ ਇਹ ਕਥਾ ਸੁਣੇ ਅਤੇ ਗਾਵੇਗਾ, ਦੁੱਖ ਤੇ ਪਾਪ ਉਸ ਦੇ ਨੇੜੇ ਨਹੀਂ ਆਉਂਣਗੇ।