ਬੀਬੀਆਂ ਨੂੰ ਕੀਰਤਨ ਦੀ ਆਗਿਆ ਦਿਤੇ ਬਗ਼ੈਰ 550 ਸਾਲਾ ਗੁਰਪੁਰਬ ਮਨਾਉਣਾ ਬੇਅਰਥ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੇਕਰ ਸੰਸਾਰ ਭਰ ਦੇ ਗੁਰਦਵਾਰਿਆਂ 'ਚ ਬੀਬੀਆਂ ਕੀਰਤਨ ਕਰਦੀਆਂ ਹਨ ਤਾਂ ਸ੍ਰੀ ਦਰਬਾਰ ਸਾਹਿਬ 'ਚ ਰੋਕ ਕਿਉਂ?

Jagtar Singh Jachak

ਕੋਟਕਪੂਰਾ : ਸੰਸਾਰ ਦੇ ਧਾਰਮਕ ਇਤਿਹਾਸ 'ਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਕ ਵੱਡੀ ਵਡਿਆਈ ਉਨ੍ਹਾਂ ਨੂੰ ਸਾਰੇ ਧਾਰਮਕ ਰਹਿਬਰਾਂ 'ਚੋਂ ਸੱਭ ਤੋਂ ਵੱਡਾ ਤੇ ਵਿਸ਼ੇਸ਼ ਦਰਸਾਉਂਦੀ ਹੈ, ਬੁਲੰਦ ਅਵਾਜ਼ ਵਿਚ 'ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ' ਕਹਿ ਕੇ ਹਿੰਦੁਸਤਾਨ ਦੇ ਮਰਦ ਪ੍ਰਧਾਨ ਸਮਾਜ 'ਚ ਇਸਤਰੀਆਂ ਨੂੰ ਮਰਦਾਂ ਤੁਲ ਸਮਾਜਕ ਸਮਾਨਤਾ ਦਾ ਦਰਜਾ ਦੇਣਾ ਤੇ ਦਿਵਾਉਣਾ ਪਰ ਸੰਸਾਰ ਦੇ ਸਿੱਖ ਭਾਈਚਾਰੇ ਲਈ ਸ਼ਰਮ ਦੀ ਗੱਲ ਹੈ ਕਿ ਗੁਰੂ ਨਾਨਕ ਫ਼ਲਸਫ਼ੇ ਦੇ ਪ੍ਰਚਾਰਕ ਕੇਂਦਰੀ ਧਰਮ ਅਸਥਾਨ ਦਰਬਾਰ ਸਾਹਿਬ ਅਤੇ ਖ਼ਾਲਸਾ-ਪੰਥ ਦੇ ਜਥੇਬੰਦਕ ਕੇਂਦਰ ਅਕਾਲ ਤਖ਼ਤ ਸਾਹਿਬ ਵਿਖੇ ਬਿਪਰਵਾਦੀ ਭਰਮ ਅਧੀਨ ਅੰਮ੍ਰਿਤਧਾਰੀ ਸਿੱਖ ਔਰਤਾਂ ਨੂੰ ਵੀ ਅਛੂਤ ਤੇ ਅਪਵਿੱਤਰ ਮੰਨਦਿਆਂ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਛੂਹਣ ਦੀ ਆਗਿਆ ਹੈ ਅਤੇ ਨਾ ਹੀ ਉਪਰੋਕਤ ਦੋਵੇਂ ਕੇਂਦਰੀ ਅਸਥਾਨਾਂ ਵਿਖੇ ਗੁਰੂ ਨਾਨਕ ਬਾਣੀ ਦਾ ਕੀਰਤਨ ਕਰਨ ਦੀ ਆਗਿਆ ਹੈ, ਵੱਡੇ-ਵੱਡੇ ਸਰਬ ਧਰਮ ਸੰਮੇਲਨਾਂ ਮੌਕੇ ਵੀ ਗੁਰਮਤਿ ਪ੍ਰਚਾਰਕਾਂ ਨੂੰ ਉਪਰੋਕਤ ਨੁਕਤੇ 'ਤੇ ਸ਼ਰਮਸਾਰ ਹੋਣਾ ਪੈਂਦਾ ਹੈ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਦਰਬਾਰ ਸਾਹਿਬ ਅੰਦਰ ਉਪਰੋਕਤ ਕਿਸਮ ਦੀ ਵਿਤਕਰੇ ਭਰਪੂਰ ਕਥਿਤ ਮਰਿਆਦਾ ਗੁਰੂ-ਕਾਲ ਦੀ ਨਹੀਂ, ਕਿਉਂਕਿ ਇਤਿਹਾਸ ਗਵਾਹ ਹੈ ਕਿ ਗੁਰੂ ਅਮਰਦਾਸ ਜੀ ਨੇ ਪ੍ਰਚਾਰਕ ਮੰਜੀਆਂ ਤੇ ਪੀੜ੍ਹੇ ਥਾਪ ਕੇ ਸਿੱਖ ਇਸਤਰੀਆਂ ਨੂੰ ਗੁਰਮਤਿ ਪ੍ਰਚਾਰਕ ਲਾਇਆ। ਉਸੇ ਦਾ ਹੀ ਸਿੱਟਾ ਹੈ ਕਿ ਹੁਣ ਦੇਸ਼ ਵਿਦੇਸ਼ ਦੇ ਕਈ ਗੁਰਦਵਾਰਿਆਂ 'ਚ ਬੀਬੀਆਂ ਗ੍ਰੰਥੀ ਵੀ ਹਨ ਅਤੇ ਕੀਰਤਨੀ ਜਥੇ ਵਜੋਂ ਸੇਵਾ ਵੀ ਨਿਭਾਅ ਰਹੀਆਂ ਹਨ। ਜਥੇਦਾਰ ਪ੍ਰੋ. ਮਨਜੀਤ ਸਿੰਘ ਹੁਰਾਂ ਨੇ ਹਰਭਜਨ ਸਿੰਘ ਜੋਗੀ ਦੇ ਜਥੇ ਦੀਆਂ ਅਮਰੀਕਨ ਬੀਬੀਆਂ ਪਾਸੋਂ ਦਰਬਾਰ ਸਾਹਿਬ ਵਿਖੇ ਕੀਰਤਨ ਕਰਵਾ ਕੇ ਉਪਰੋਕਤ ਕੁਰੀਤੀ ਨੂੰ ਦੂਰ ਕਰਨ ਦਾ ਉਪਰਾਲਾ ਵੀ ਕੀਤਾ ਸੀ। ਪਰ ਬਿਪਰਵਾਦੀ ਡੇਰੇਦਾਰਾਂ ਦੇ ਪੜ੍ਹਾਏ ਗ੍ਰੰਥੀਆਂ ਅਤੇ ਵੋਟਾਂ ਖ਼ਾਤਰ ਉਨ੍ਹਾਂ ਦੇ ਚੇਲੇ ਬਣੇ ਕਥਿਤ ਸਿੱਖ ਆਗੂਆਂ ਨੇ ਮੁੜ ਕੇ ਉਹੀ ਹਾਲ ਕਰ ਦਿਤਾ ਹੈ। ਭਾਵੇਂ ਕਿ ਸਿੱਖ ਰਹਿਤ ਮਰਿਆਦਾ 'ਚ ਤਾਂ ਕੀਰਤਨ ਤੋਂ ਵੀ ਅੱਗੇ ਅੰਮ੍ਰਿਤ ਛਕਾਉਣ ਵੇਲੇ ਵੀ ਪੰਥ ਨੇ ਅੰਮ੍ਰਿਤਧਾਰੀ ਇਸਤਰੀਆਂ ਨੂੰ ਪੰਜ ਪਿਆਰਿਆਂ 'ਚ ਸ਼ਾਮਲ ਹੋਣ ਦੀ ਆਗਿਆ ਦਿਤੀ ਹੋਈ ਹੈ।

ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਵੀ ਕੀਤਾ ਕਿ ਜੇਕਰ ਸੰਸਾਰ ਭਰ ਦੇ ਗੁਰਦਵਾਰਾ ਸਾਹਿਬਾਨ ਤੇ ਅਪਣੇ-ਅਪਣੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੀਬੀਆਂ ਕਰਦੀਆਂ ਹਨ, ਇਸਤਰੀ ਸਤਿਸੰਗ ਬਣਾ ਕੇ ਗੁਰਦਵਾਰਿਆਂ 'ਚ ਕੀਰਤਨ ਕਰਦੀਆਂ ਹਨ ਤਾਂ ਸਿੱਖੀ ਦੇ ਕੇਂਦਰੀ ਧਰਮ ਸਥਾਨ 'ਚ ਰੋਕ ਕਿਉਂ? ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਮਿਲ ਕੇ ਉਪਰੋਕਤ ਪੱਖੋਂ ਕੋਈ ਵਿਸ਼ੇਸ਼ ਹੰਭਲਾ ਜ਼ਰੂਰ ਮਾਰਨਗੀਆਂ ਤਾਕਿ ਸਿੱਖਾਂ ਦੇ ਮੱਥੇ ਲੱਗਾ ਬ੍ਰਾਹਮਣੀ ਕੁਰੀਤੀ ਦਾ ਕਲੰਕ ਗੁਰਪੁਰਬ ਤੋਂ ਪਹਿਲਾਂ ਹੀ ਧੋਤਾ ਜਾ ਸਕੇ। ਸਿੱਖਾਂ 'ਚੋਂ ਅਧਾਰ ਖੋਹ ਚੁੱਕੇ ਸੱਤਾਧਾਰੀ ਅਕਾਲੀ ਦਲ ਬਾਦਲ ਲਈ ਵੀ ਇਕ ਸੁਨਹਿਰੀ ਮੌਕਾ ਹੈ ਕਿ ਉਹ ਅਪਣੇ ਮੂਲ ਨੂੰ ਪਛਾਣਦਿਆਂ ਸ਼੍ਰੋਮਣੀ ਕਮੇਟੀ ਤੋਂ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਗਿਆ ਦਿਵਾ ਕੇ ਪੰਥਕ ਖ਼ੁਸ਼ੀ ਹਾਸਲ ਕਰੇ।