ਦਰਬਾਰ ਸਾਹਿਬ ਦੀ ਰੂਹਾਨੀ ਸੁੰਦਰਤਾ ਸੋਨੇ ਤੇ ਫੁੱਲਾਂ ਆਦਿਕ ਦੀ ਮੁਥਾਜ਼ ਨਹੀਂ : ਗਿਆਨੀ ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਬਾਣੀ ਦੇ ਸ਼ੁਧ ਉਚਾਰਣ ਦਾ ਗਾਇਣ ਅਤੇ ਗੁਰਸ਼ਬਦ ਦੀ ਹੋਵੇ ਸਿਧਾਂਤਕ ਵਿਚਾਰ

Darbar Sahib decorated with flowers

ਕੋਟਕਪੂਰਾ : ਪਿਛਲੇ ਕੱੁਝ ਸਾਲਾਂ ਤੋਂ ਵਪਾਰਕ ਬਿਰਤੀ ਅਤੇ ਆਲੇ-ਦੁਆਲੇ ਦੇ ਘਰੋਗੀ ਸਮਾਗਮਾਂ ਵੇਲੇ ਹੁੰਦੀ ਅਡੰਬਰੀ ਡੈਕੋਰੇਸ਼ਨ ਦੇ ਫ਼ੈਸ਼ਨੀ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਵਲੋਂ ਗੁਰਪੁਰਬਾਂ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਫੁੱਲਾਂ ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸ਼ਿੰਗਾਰਨਾ ਸ਼ੁਰੂ ਕਰ ਦਿਤਾ ਗਿਆ ਹੈ ਪਰ ਪਹਿਲਾਂ ਅਜਿਹਾ ਵਰਤਾਰਾ ਨਹੀਂ ਸੀ, ਕਿਉਂਕਿ ਦਰਬਾਰ ਸਾਹਿਬ ਦੀ ਰੂਹਾਨੀ ਸੁੰਦਰਤਾ ਸੋਨੇ ਜਾਂ ਫੁੱਲਾਂ ਆਦਿਕ ਦੀ ਮੁਥਾਜ਼ ਨਹੀਂ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਦਰਬਾਰ ਦੀ ਸੁੰਦਰਤਾ ਤੇ ਵਿਲੱਖਣਤਾ ਇਸ ਵਿਚ ਹੈ ਕਿ ਉੱਥੇ ਗੁਰਬਾਣੀ ਦੇ ਸ਼ੱਧ ਉਚਾਰਣ ਸਹਿਤ ਰਾਗਾਂ ’ਚ ਬਾਣੀ ਦਾ ਸਹਿਜਮਈ ਗਾਇਨ ਹੋਵੇ, ਗੁਰਸ਼ਬਦ ਦੀ ਸਿਧਾਂਤਕ ਵਿਚਾਰ ਹੋਵੇ ਅਤੇ ਢਾਡੀ ਤੇ ਪ੍ਰਚਾਰਕਾਂ ਦੁਆਰਾ ਗੁਰਇਤਹਾਸ ਤੇ ਸਿੱਖ ਇਤਿਹਾਸ ਨੂੰ ਦੁਹਰਾਇਆ ਜਾਏ, ਜਿਸ ਨਾਲ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਆਤਮਕ ਟਿਕਾਉ ਪ੍ਰਾਪਤ ਹੋਵੇ। 

ਉਨ੍ਹਾਂ ਅੰਦਰ ਗੁਰੂ ਲਈ ਪਿਆਰ ਤੇ ਪੰਥਕ ਦਰਦ ਪੈਦਾ ਹੋਵੇ, ਨਾ ਕਿ ਗੁਰੂ ਦਰਬਾਰ ਵਿਚ ਆਈ ਸੰਗਤ ਤੇ ਖ਼ਾਸ ਕਰ ਕੇ ਸਾਡੇ ਹੋਣਹਾਰ ਬੱਚੇ ਅਢੁਕਵੀਂ ਸਜਾਵਟ ਅਤੇ ਆਤਿਸ਼ਬਾਜ਼ੀ ਵੇਖ ਕੇ ਭਟਕਣ ਤੇ ਗੁਰਸ਼ਬਦ ਦੇ ਪ੍ਰਮਾਰਥੀ ਲਾਭ ਤੋਂ ਵਾਂਝੇ ਰਹਿ ਕੇ ਘਰਾਂ ਨੂੰ ਖ਼ਾਲੀ ਹੱਥ ਹੀ ਪਰਤ ਜਾਣ। ਉਕਤ ਸ਼ਬਦ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ‘ਰੋਜ਼ਾਨਾ ਸਪੋਕਸਮੈਨ’ ਨੂੰ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ’ਚ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਇਕ ਪਾਸੇ ਤਾਂ ਉਥੇ ਦਰਬਾਰ ਸਾਹਿਬ ਜੀ ਦੀ ਮਹੱਤਤਾ ਤੇ ਵਿਲੱਖਣਤਾ ਪ੍ਰਗਟਾਉਣ ਲਈ ਵਾਰ-ਵਾਰ ਗਾਇਆ ਜਾਂਦਾ ਹੈ ‘‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥”

ਭਾਵੇਂ ਕਿ ਗੁਰੂ ਸਾਹਿਬ ਵਲੋਂ ਇਹ ਸ਼ਬਦ ਸਾਧ ਸੰਗਤ ਰੂਪੀ ਥਾਵ (ਅਸਥਾਨ) ਦੀ ਮਹਿਮਾ ਦਰਸਾਉਣ ਹਿਤ ਉਚਾਰਿਆ ਗਿਆ ਹੈ ਪਰ ਦੂਜੇ ਪਾਸੇ ਉਥੇ ਸ਼ਰਧਾਲੂ ਸਰੋਤਿਆਂ ਦੀ ਸੁਰਤ ਨੂੰ ਭਟਕਾ ਕੇ ਸ਼ਬਦ ਨਾਲੋਂ ਤੋੜਣ ਵਾਲੇ ਵਿਖਾਵਾਜਨਕ ਅਡੰਬਰ ਕੀਤੇ ਜਾਣ, ਜਿਹੜੇ ਕੌਮੀ ਸਰਮਾਏ ਨੂੰ ਅਜਾਈਂ ਗਵਾਉਣ ਦਾ ਕਾਰਨ ਬਣਨ, ਕਿਥੋਂ ਤਕ ਜਾਇਜ਼ ਹਨ? ਗਿਆਨੀ ਜਾਚਕ ਨੇ ਦੇਸ਼-ਵਿਦੇਸ਼ ਦੀ ਸੂਝਵਾਨ ਸੰਗਤ ਤੇ ਪੰਥਦਰਦੀ ਪ੍ਰਬੰਧਕਾਂ ਨੂੰ ਉਪਰੋਕਤ ਪੱਖੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ, ਤਾਕਿ ‘ਗੁਰੂ ਕੀ ਗੋਲਕ’ ਨੂੰ ਗੁਰਬਾਣੀ ਗੁਰਮਤਿ ਦੇ ਪ੍ਰਚਾਰ, ਪੰਥ ਦੇ ਉਭਾਰ, ਸਮਾਜਕ ਸੁਧਾਰ ਅਤੇ ਗ਼ਰੀਬਾਂ ਦੇ ਰੁਜ਼ਗਾਰ ਲਈ ਵਰਤਿਆ ਜਾ ਸਕੇ।