'ਜਥੇਦਾਰਾਂ' ਲਈ ਪੇਚੀਦਾ ਬਣਿਆ ਦੋ ਬਾਬਿਆਂ ਦਾ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਨਿਰਮਲ ਕੁਟੀਆ ਜੋਹਲਾਂ ਦਾ ਮਾਮਲਾ 'ਜਥੇਦਾਰਾਂ' ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਬਾਬਾ ਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਦਾ ਮਾਮਲਾ ਪਿਛਲੇ...

Akal Takt Sahib

ਅੰਮ੍ਰਿਤਸਰ : ਨਿਰਮਲ ਕੁਟੀਆ ਜੋਹਲਾਂ ਦਾ ਮਾਮਲਾ 'ਜਥੇਦਾਰਾਂ' ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਬਾਬਾ ਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਦਾ ਮਾਮਲਾ ਪਿਛਲੇ ਕਾਫ਼ੀ ਸਮੇਂ ਤੋਂ ਅਕਾਲ ਤਖ਼ਤ ਸਾਹਿਬ 'ਤੇ ਵਿਚਾਰ ਅਧੀਨ ਹੈ।  ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੀ ਨਿਰਮਲ ਕੁਟੀਆ ਮਾਮਲੇ ਵਿਚ ਕਸੂਤੀ ਸਥਿਤੀ ਵਿਚ ਘਿਰੇ ਨਜ਼ਰ ਆ ਰਹੇ ਹਨ। 

ਬਾਬਾ ਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਵਿਚ ਕੁੱਝ ਮਾਮਲਿਆਂ ਨੂੰ ਲੈ ਕੇ ਆਪਸ ਵਿਚ ਖਿਚਾਅ ਵਾਲੇ ਹਾਲਾਤ ਹਨ। ਜਥੇਦਾਰ ਵੇਦਾਂਤੀ ਵੇਲੇ ਬਾਬਾ ਜੀਤ ਸਿੰਘ ਦੀ ਅਕਾਲ ਤਖ਼ਤ ਸਾਹਿਬ ਤੋਂ ਖਿਚਾਈ ਵੀ ਹੋ ਚੁਕੀ ਹੈ। ਗਿਆਨੀ ਗੁਰਬਚਨ ਸਿੰਘ ਨੇ ਅਪਣੇ ਪੂਰੇ ਕਾਰਜਕਾਲ ਦੌਰਾਨ ਬਾਬਾ ਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਨੂੰ ਇਕੱਠੇ ਹੋ ਕੇ ਸੇਵਾ ਕਰਨ ਦਾ ਇਲਾਹੀ ਫ਼ੁਰਮਾਨ ਕਈ ਵਾਰ ਜਾਰੀ ਕੀਤਾ। ਧਰਮੀ ਹੋਣ ਦੇ ਦਾਅਵੇਦਾਰ ਬਾਬਿਆਂ ਨੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਮੰਨਣਾ ਤਾਂ ਕੀ ਸੀ ਜਥੇਦਾਰ ਦੇ ਹੁਕਮ ਦਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ। 'ਜਥੇਦਾਰਾਂ' ਦੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਉਹ ਬਾਬਿਆਂ ਵਿਰੁਧ ਕਾਰਵਾਈ ਕਰਨ ਤੋਂ ਝਿਜਕਦੇ ਹਨ। ਜਥੇਦਾਰ ਵੇਦਾਂਤੀ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਦਾ ਦੌਰ ਵੀ ਖ਼ਤਮ ਹੋ ਗਿਆ। ਪਰ ਜੋਹਲਾ ਵਾਲੇ ਬਾਬੇ ਟਸ ਤੋਂ ਮਸ ਨਾ ਹੋਏ। 

ਨਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਜਕਾਲ ਵਿਚ ਬਾਬਾ ਜਸਪਾਲ ਸਿੰਘ ਨੇ ਅਕਾਲ ਤਖ਼ਤ ਸਾਹਿਬ 'ਤੇ ਲਿਖ ਕੇ ਦੇ ਦਿਤਾ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਤੇ ਹਰ ਹੁਕਮ ਨੂੰ ਮੰਨਦੇ ਹਨ ਪਰ ਬਾਬਾ ਜੀਤ ਸਿੰਘ ਨੇ ਮੈਂ ਨਾ ਮਾਨੂੰ ਦੀ ਜ਼ਿੱਦ ਫੜੀ ਹੋਈ ਹੈ। ਬਾਬੇ ਦੀ ਜ਼ਿੱਦ ਕਰਨ ਕਾਰਨ ਜਥੇਦਾਰਾਂ ਦਾ ਵਕਾਰ ਵੀ ਦਾਅ 'ਤੇ ਲੱਗਾ ਹੋਇਆ ਹੈ। ਜਥੇਦਾਰਾਂ ਦੀ ਕੀ ਮਜਬੂਰੀ ਹੈ ਕਿ ਉਹ ਬਾਬਾ ਜੀਤ ਸਿੰਘ ਵਿਰੁਧ ਕਾਰਵਾਈ ਕਰਨ ਤੋਂ ਅਸਮਰਥ ਹਨ। ਹੁਣ ਦੇਖਣਾ ਹੈ ਕਿ ਜਥੇਦਾਰ ਸਮਰਪਤ ਬਾਬੇ ਬਾਬਾ ਜਸਪਾਲ ਸਿੰਘ ਨੂੰ ਥਾਪੜਾ ਦਿੰਦੇ ਹਨ ਜਾਂ ਬਾਬਾ ਜੀਤ ਸਿੰਘ ਅੱਗੇ ਗੋਡੇ ਟੇਕਦੇ ਹਨ।