ਦਾਦੂਵਾਲ ਨੂੰ ਕਲੱਬ 'ਚ ਦਾਰੂ-ਮੀਟ ਨਾ ਵਰਤਾਉਣ ਦੀ ਲਿਖਤ ਤੌਰ 'ਤੇ ਦਿਤੀ ਸਹਿਮਤੀ 'ਤੇ ਚੁੱਕੀ ਉਂਗਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿਵਲ ਲਾਈਨ ਕਲੱਬ ਦਾ ਮਾਮਲਾ ਗਰਮਾਇਆ

Matter of the civil line club

ਬਠਿੰਡਾ : ਸਥਾਨਕ ਸ਼ਹਿਰ ਦੇ ਪਾਸ਼ ਰਿਹਾਇਸ਼ੀ ਖੇਤਰ ਸਿਵਲ ਲਾਈਨ 'ਚ ਬਣੇ 'ਸਿਵਲ ਲਾਈਨ ਕਲੱਬ' ਦੀ ਚੌਧਰ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸ਼ੁਰੂ ਹੋਇਆ ਵਿਵਾਦ ਦਿਨ-ਬ-ਦਿਨ ਗਰਮਾਉਂਦਾ ਜਾ ਰਿਹਾ ਹੈ। ਦਹਾਕਿਆਂ ਤੋਂ ਕਲੱਬ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇਦਾਰਾਂ ਨੂੰ ਨਾਮਜ਼ਦ ਕਰਨ ਦੇ ਵਿਰੁਧ ਝੰਡਾ ਚੁਕਣ ਵਾਲੀ ਧਿਰ ਨੇ ਅੱਜ ਸਪੱਸ਼ਟ ਐਲਾਨ ਕੀਤਾ ਕਿ ਉਹ 30 ਜੂਨ ਨੂੰ ਲੋਕਤੰਤਰੀ ਢੰਗ ਨਾਲ ਉਕਤ ਦੋਵਾਂ ਅਹੁਦਿਆਂ ਦੀ ਚੋਣ ਕਰਵਾ ਕੇ ਕੁੱਝ ਪ੍ਰਵਾਰਾਂ ਦੇ ਚਲੇ ਆ ਰਹੇ ਕਬਜ਼ੇ ਨੂੰ ਖ਼ਤਮ ਕਰਨਗੇ।

ਇਸ ਨਾਲ ਹੀ ਉਨ੍ਹਾਂ ਬੀਤੇ ਕਲ ਕਲੱਬ ਵਿਚ  ਅਖੰਠ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਉਣ ਕਾਰਨ ਹੋਈ ਮਰਿਆਦਾ ਭੰਗ ਦਾ ਜਾਇਜ਼ਾ ਲੈਣ ਆਏ ਬਲਜੀਤ ਸਿੰਘ ਦਾਦੂਵਾਲ ਨੂੰ ਪੁਰਾਣੇ ਅਹੁਦੇਦਾਰਾਂ ਵਲੋਂ ਕਲੱਬ 'ਚ ਦਾਰੂ-ਮੀਟ ਨਾ ਵਰਤਾਉਣ ਦੀ ਲਿਖਤ ਤੌਰ 'ਤੇ ਦਿਤੀ ਸਹਿਮਤੀ 'ਤੇ ਵੀ ਉਂਗਲ ਚੁੱਕੀ ਹੈ। ਅੱਜ ਸਥਾਨਕ ਪ੍ਰੈਸ ਕਲੱਬ 'ਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਕਲੱਬ ਦੇ ਉਪ ਪ੍ਰਧਾਨ ਅਤੇ 29 ਮਈ ਦੀ ਸਾਲਾਨਾ ਮੀਟਿੰਗ 'ਚ ਕਾਰਜਕਾਰੀ ਪ੍ਰਧਾਨ ਬਣਾਏ ਜਸਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਹਾਜ਼ਰ ਮੈਂਬਰਾਂ ਨੇ ਬੀਤੇ ਕਲ ਕਲੱਬ ਦੇ ਪੁਰਾਣੇ ਅਹੁਦੇਦਾਰਾਂ ਵਲੋਂ ਬੀਅਰ-ਬਾਰ ਦਾ ਲਾਇਸੰਸ ਬੰਦ ਕਰਨ ਸਬੰਧੀ ਦਿਤੇ ਲਿਖਤੀ ਭਰੋਸੇ ਨੂੰ ਵੀ ਗ਼ਲਤ ਕਰਾਰ ਦਿਤਾ।

ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਅਹੁਦਿਆਂ ਤੋਂ ਹਟਾਏ ਵਿਅਕਤੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ। ਇਸ ਮੌਕੇ ਹਾਜ਼ਰ ਐਡਵੋਕੇਟ ਰਾਜਨ ਗਰਗ, ਹਰਵਿੰਦਰ ਸਿੰਘ ਹੈਪੀ ਪ੍ਰਧਾਨ, ਰਛਪਾਲ ਸਿੰਘ ਆਹਲੂਵਾਲੀਆ ਆਦਿ ਨੇ ਦਾਅਵਾ ਕੀਤਾ ਕਿ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇਦਾਰਾਂ ਨੂੰ ਪਹਿਲਾਂ ਹੀ ਹਟਾਇਆ ਜਾ ਚੁੱਕਿਆ ਤੇ ਮੈਨੇਜਰ ਬਲਦੇਵ ਸਿੰਘ ਮੁਅੱਤਲ ਕੀਤਾ ਹੋਇਆ ਹੈ ਜਿਸ ਦੇ ਚਲਦੇ ਇਨ੍ਹਾਂ ਕੋਲ ਕਲੱਬ ਵਲੋਂ ਕੋਈ ਵੀ ਲਿਖਤੀ ਭਰੋਸਾ ਦੇਣ ਦਾ ਅਧਿਕਾਰ ਹੀ ਨਹੀਂ ਹੈ।

ਇਸ ਨਾਲ ਹੀ ਉਨ੍ਹਾਂ ਭਰੋਸਾ ਦਿਤਾ ਕਿ ਜੇਕਰ ਸਮੂਹ ਮੈਂਬਰ ਅਤੇ ਹੋਰਨਾਂ ਧਾਰਮਕ ਸੰਸਥਾਵਾਂ ਵਲੋਂ ਕੋਈ ਅਜਿਹਾ ਹੁਕਮ ਆਉਂਦਾ ਹੈ ਤਾਂ ਇਸ ਉਪਰ ਜ਼ਰੂਰ ਵਿਚਾਰ ਕਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਮੈਂਬਰਾਂ ਨੇ ਇਹ ਵੀ ਐਲਾਨ ਕੀਤਾ ਕਿ 30 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿਚ ਜੇਕਰ ਉਨ੍ਹਾਂ ਦੀ ਧਿਰ ਦੇ ਵਿਅਕਤੀ ਪ੍ਰਧਾਨ ਤੇ ਜਨਰਲ ਸਕੱਤਰ ਬਣਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਣੇ ਹਾਲ ਅਤੇ ਲਾਇਬ੍ਰੇਰੀ ਨੂੰ ਵੱਡਾ ਕਰ ਕੇ ਕਲੱਬ ਤੋਂ ਅਲੱਗ ਰਸਤਾ ਦਿਤਾ ਜਾਵੇਗਾ।