ਅਮੀਰਾਂ ਦੇ ਕਲੱਬ ਸਿਵਲ ਲਾਈਨ ਨੂੰ ਹੁਣ ਧਾਰਮਕ ਸਥਾਨ ਬਣਾਉਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਲੱਬ ਪੁੱਜੇ ਦਾਦੂਵਾਲ ਨੂੰ ਕਾਬਜ਼ ਧੜੇ ਨੇ ਦਾਰੂ-ਪਿਆਲਾ ਬੰਦ ਕਰਨ ਦਾ ਦਿਤਾ ਭਰੋਸਾ

Baljit Singh Daduwal

ਬਠਿੰਡਾ : ਸੰਨ 1971 'ਚ ਸ੍ਰੀ ਗੁਰੂ ਨਾਨਕ ਦੇਵ ਹਾਲ ਅਤੇ ਲਾਇਬਰੇਰੀ ਦੇ ਨਾਂ 'ਤੇ ਸ਼ੁਰੂ ਹੋਏ 'ਸਿਵਲ ਲਾਈਨ ਕਲੱਬ' ਵਿਚ ਚੌਧਰ ਨੂੰ ਲੈ ਕੇ ਪਏ ਰੱਫੜ ਨੇ ਹੁਣ ਧਾਰਮਕ ਰੰਗਤ ਫੜ ਲਈ ਹੈ। ਇਸ ਕਲੱਬ 'ਤੇ ਕਾਬਜ਼ ਧੜੇ ਵਲੋਂ ਬੀਤੇ ਦਿਨ ਇਥੇ ਗੁਰੂ ਗ੍ਰੰਥ ਸਾਹਿਬ ਦੇ ਅਖੰਠ ਪਾਠ ਪ੍ਰਕਾਸ਼ ਕਰਵਾ ਦਿਤਾ ਹੈ। ਕਲੱਬ 'ਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦਾ ਪਤਾ ਚੱਲਦੇ ਹੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਅਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਇੱਥੇ ਪੁੱਜੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਉਨਾਂ ਕੋਲ ਸਿਕਾਇਤਾਂ ਪੁੱਜੀਆਂ ਸਨ ਕਿ ਦਾਰੂ-ਮੀਟ ਵਾਲੀ ਜਗ੍ਹਾਂ 'ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਕਰਵਾਕੇ ਮਰਿਆਦਾ ਭੰਗ ਕੀਤੀ ਗਈ ਹੈ।

ਉਧਰ ਇਸ ਦੀ ਪੁਸ਼ਟੀ ਕਰਦਿਆਂ ਕਲੱਬ ਦੇ ਪ੍ਰਧਾਨ ਸਿਵਦੇਵ ਸਿੰਘ ਦੰਦੀਵਾਲ (ਜਿੰਨ੍ਹਾਂ ਨੂੰ ਵਿਰੌਧੀ ਧੜੇ ਵਲੋਂ ਲੰਘੀ 29 ਮਈ ਨੂੰ ਹਟਾਉਣ ਦਾ ਦਾਅਵਾ ਕੀਤਾ ਗਿਆ ਹੈ) ਨੇ ਦਸਿਆ ਕਿ '' ਬੇਸ਼ੱਕ ਪਿਛਲੇ 20-22 ਸਾਲਾਂ ਤੋਂ ਇੱਥੇ ਹਰ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਪ੍ਰੰਤੂ ਇਸ ਵਾਰ ਵਿਵਾਦ ਹੋਣ ਕਾਰਨ ਕੁੱਝ ਵਿਰੋਧੀਆਂ ਨੇ ਇਸ ਦੀਆਂ ਸਿਕਾਇਤਾਂ ਕੀਤੀਆਂ ਸਨ। ਜਿਸਦੇ ਚੱਲਦੇ ਹੁਣ ਉਨ੍ਹਾਂ ਧਾਰਮਿਕ ਸਖਸੀਅਤਾਂ ਨੂੰ ਅੱਗੇ ਤੋਂ ਇੱਥੇ ਦਾਰੂ-ਮੀਟ ਨਾ ਵਰਤਾਉਣ ਦਾ ਲਿਖ਼ਤੀ ਭਰੋਸਾ ਦਿੱਤਾ ਹੈ।''

ਸ: ਦੰਦੀਵਾਲ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਕਲੱਬ ਦੇ ਨਾਂ ਹੇਠ ਲਏ ਬੀਅਰ-ਬਾਰ ਦੇ ਲਾਇਸੰਸ ਨੂੰ ਰੱਦ ਕਰਵਾਇਆ ਜਾਵੇਗਾ ਤਾਂ ਇਸ ਲਿਖ਼ਤੀ ਭਰੋਸੇ ਉਪਰ ਪੱਕਾ ਅਮਲ ਕੀਤਾ ਜਾ ਸਕੇ। ਉਧਰ ਕਾਬਜ਼ ਧੜੇ ਦੀ ਇਸ ਕਾਰਵਾਈ ਦਾ ਵਿਰੋਧੀ ਧੜੇ ਨੇ ਵਿਰੋਧ ਕੀਤਾ ਹੈ। 29 ਮਈ ਨੂੰ ਹੋਈ ਕਲੱਬ ਦੀ ਸਲਾਨਾ ਜਨਰਲ ਮੀਟਿੰਗ ਵਿਚ ਕਾਰਜਕਾਰੀ ਪ੍ਰਧਾਨ ਥਾਪੇ ਗਏ ਉਪ ਪ੍ਰਧਾਨ ਜਸਵਿੰਦਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ '' ਅਹੁੱਦੇ ਤੋਂ ਹਟਾਏ ਗਏ ਵਿਅਕਤੀਆਂ ਨੂੰ ਅਜਿਹਾ ਭਰੋਸਾ ਦੇਣ ਦਾ ਕੋਈ ਹੱਕ ਨਹੀਂ।''

ਉਨ੍ਹਾਂ ਇਹ ਵੀ ਕਿਹਾ ਕਿ ਕਲੱਬ ਹੱਥੋਂ ਜਾਂਦਾ ਦੇਖ ਪੁਰਾਣੇ ਅਹੁੱਦੇਦਾਰਾਂ ਵਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਲਿਜਾਣਗੇ। ਗੌਰਤਲਬ ਹੈ ਕਿ ਸ਼ਹਿਰ ਦੇ ਅਮੀਰਾਂ ਦਾ ਟਿਕਾਣਾ ਮੰਨੇ ਜਾਂਦੇ ਇਸ ਕਲੱਬ ਦੇ ਸ਼ਹਿਰ ਭਰ ਵਿਚੋਂ ਕਰੀਬ 1252 ਮੈਂਬਰ ਹਨ। ਇਸ ਕਲੱਬ ਦੀ ਮੈਂਬਰਸ਼ਿਪ ਦੋ ਲੱਖ ਹੈ ਅਤੇ ਇਸਦੇ ਇਲਾਵਾ ਹਰ ਮਹੀਨੇ ਚਾਰਜ਼ਜ ਅਲੱਗ ਤੋਂ ਲਏ ਜਾਂਦੇ ਹਨ। ਕਲੱਬ 'ਚ ਬਾਰ ਤੇ ਮੰਨੋਰਜਨ ਦੇ ਸਾਧਨ ਹਨ। ਕਲੱਬ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁੱਦੇ ਲਈ ਪੇਰਟੈਂਸ ਬਾਡੀ ਵਲੋਂ ਨਾਮਜਦਗੀਆਂ ਕੀਤੀਆਂ ਜਾਂਦੀਆਂ ਹਨ ਜਦੋਂਕਿ ਉਪ ਪ੍ਰਧਾਨ, ਸਕੱਤਰ ਤੇ ਖ਼ਜਾਨਚੀ ਦੀ ਕਲੱਬ ਮੈਂਬਰਾਂ ਵਲੋਂ ਸਿੱਧੀ ਚੋਣ ਕੀਤੀ ਜਾਦੀ ਹੈ। ਵਿਰੋਧੀ ਧੜੇ ਵਲੋਂ ਕਲੱਬ ਦੇ ਦੂਜੇ ਅਹੁੱਦੇਦਾਰਾਂ ਦੀ ਤਰ੍ਹਾਂ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁੱਦੇ ਲਈ ਵੀ ਮੈਂਬਰਾਂ ਵਿਚੋਂ ਸਿੱਧੀ ਚੋਣ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੰਗ ਨੂੰ ਕਾਬਜ਼ ਧੜੇ ਵਲੋਂ ਠੁਕਰਾਉਣ ਦੇ ਚੱਲਦੇ 29 ਮਈ ਨੂੰ ਬੁਲਾਈ ਏ.ਜੀ.ਐਮ ਦੀ ਮੀਟਿੰਗ ਵਿਚ ਕਰੀਬ 850 ਮੈਂਬਰਾਂ ਨੇ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਅਹੁੱਦੇ ਤੋਂ ਹਟਾਉਂਦਿਆਂ ਸੀਨੀਅਰ ਵਕੀਲ ਸੰਜੇ ਗੋਇਲ ਨੂੰ ਚੋਣ ਅਧਿਕਾਰੀ ਨਿਯੂਕਤ ਕਰਦਿਆਂ ਆਗਾਮੀ 30 ਜੂਨ ਨੂੰ ਇੰਨ੍ਹਾਂ ਅਹੁੱਦਿਆਂ ਲਈ ਸਿੱਧੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਜਦੋਂਕਿ ਕਾਬਜ਼ ਧੜੇ ਨੇ ਇਸ ਮੀਟਿੰਗ ਨੂੰ ਗੈਰ-ਸੰਵਿਧਾਨਕ ਕਰਾਰ ਦੇ ਦਿੱਤਾ ਸੀ। ਦਸਣਾ ਬਣਦਾ ਹੈ ਕਿ ਇਸ ਕਲੱਬ ਦਾ ਗਠਨ 1971 ਵਿਚ ਸਿਵਲ ਲਾਈਨ ਵਿਚ ਵਸੇ ਕੁੱਝ ਪ੍ਰਵਾਰਾਂ ਨੇ ਇੱਥੇ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਦਾ ਗਠਨ ਕਰਕੇ ਕੀਤਾ ਸੀ।