ਸਮੂਹ ਨਿਹੰਗ ਸਿੰਘ ਦਲ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣਗੇ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੁੱਢਾ ਦਲ ਵਲੋਂ ਇੰਰਟਨੈਸ਼ਨਲ ਪੱਧਰ ਤੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ

Baba Balbir Singh and others

ਅੰਮਿਤਸਰ, ਸੁਲਤਾਨਪੁਰ ਲੋਧੀ : ਸਮੁੱਚੀ ਮਨੁੱਖਤਾ ਦੇ ਰਹਿਬਰ, ਸਿੱਖ ਕੌਮ ਦੇ ਪਹਿਲੇ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਬੁੱਢਾ ਦਲ ਦੀ ਅਗਵਾਈ ਵਿਚ ਰਲ ਮਿਲ ਕੇ ਚੜ੍ਹਦੀ ਕਲਾ ਵਿਚ ਮਨਾਉਣਗੀਆਂ। ਇਹ ਵਿਚਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਗੁਰਦੁਆਰਾ ਅਗੰਮਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱੱਢਾ ਦਲ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਸਾਂਝੇ ਕੀਤੇ। ਬਾਬਾ ਬਲਬੀਰ ਸਿੰਘ ਨੇ ਦਸਿਆ ਕਿ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਮਿਲ ਕੇ ਮਨਾਇਆ ਜਾਵੇਗਾ। 

ਉਨ੍ਹਾਂ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਛੇਵੀਂ ਅਰਧ ਸ਼ਤਾਬਦੀ ਸਮੇਂ ਸੰਗਤਾਂ ਦੀ ਵਧਦੀ ਆਮਦ ਨੂੰ ਮੁੱਖ ਰੱਖਦਿਆਂ ਗੁਰਦਵਾਰਾ ਸਾਹਿਬ ਦੀ ਜਾਇਦਾਦ ਦਾ ਮੁਕੰਮਲ ਨਿਰੀਖਣ ਕੀਤਾ ਅਤੇ ਫ਼ੌਰੀ ਤੌਰ 'ਤੇ ਸਰਾਂ, ਲੰਗਰ ਅਤੇ ਦਲ ਪੰਥ ਦੇ ਘੋੜਿਆਂ ਦੀ ਸੇਵਾ ਸੰਭਾਲ ਲਈ ਘੋੜ ਤਬੇਲਾ ਅਤੇ ਚਾਰੇ ਪਾਸੇ ਮੁਖਦੁਆਰ ਬਣਾਉਣ ਦੇ ਆਦੇਸ਼ ਜਾਰੀ ਕੀਤੇ। ਸ. ਇੰਦਰਬੀਰ ਸਿੰਘ ਵਾਲੀਆ ਆਰਕੀਟੈਕ ਨੂੰ ਮੌਕੇ 'ਤੇ ਮਿਣਤੀ ਕਰ ਕੇ ਨਕਸ਼ੇ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਨਵੰਬਰ ਤੋਂ ਪਹਿਲਾਂ-ਪਹਿਲਾਂ ਇਹ ਇਮਾਰਤਾਂ ਤਿਆਰ ਕਰਵਾ ਲਈਆਂ ਜਾਣਗੀਆਂ।

ਬਾਬਾ ਬਲਬੀਰ ਸਿੰਘ ਨੇ ਗੁਰਦਵਾਰਾ ਸਾਹਿਬ ਦੀਆਂ ਦੁਕਾਨਾਂ ਵਿਚ ਬੈਠੇ ਕਿਰਾਏਦਾਰਾਂ ਨੂੰ ਥਾਪੜਾ ਦੇ ਕੇ ਸਹਿਯੋਗ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਗੁਰਦਵਾਰਾ ਸਾਹਿਬ ਦੇ ਕੰਪਲੈਕਸ ਅੰਦਰ ਇਤਿਹਾਸਕ ਖੂਹ ਦੀ ਮੁਰੰਮਤ ਕਰਵਾ ਕੇ ਮੁੜ ਚਾਲੂ ਕੀਤਾ ਜਾਵੇਗਾ। ਸਾਰੇ ਪੁਰਾਤਨ ਦਰੱਖ਼ਤ ਵੀ ਸੰਭਾਲੇ ਜਾਣਗੇ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸ਼ਤਾਬਦੀ ਸਮਾਗਮਾਂ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਇੰਰਟਨੈਸ਼ਨਲ ਪੱਧਰ ਤੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਗਤਕਾ ਟੀਮਾਂ ਦੀ ਵਿਸ਼ੇਸ਼ ਇਨਾਮਾਂ ਨਾਲ ਹੌਂਸਲਾ ਅਫ਼ਜ਼ਾਈ ਵੀ ਹੋਵੇਗੀ।

ਉਨ੍ਹਾਂ ਦਸਿਆ ਕਿ ਗੁਰੁ ਨਾਨਕ ਸਾਹਿਬ ਦੇ ਜੀਵਨ, ਫ਼ਲਸਫ਼ੇ ਤੇ ਇਕ ਵਿਸ਼ੇਸ਼ ਯਾਦਗਾਰੀ ਅੰਕ- ਨਿਹੰਗ ਸਿੰਘ ਸੰਦੇਸ਼ ਪੱਤਰ ਦਾ ਜਾਰੀ ਹੋਵੇਗਾ ਜਿਸ ਵਿਚ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਪੱਖਾਂ ਤੋਂ ਸੌ ਤੋਂ ਵੱਧ ਲੇਖ ਅੰਕਿਤ ਹੋਣਗੇ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਸਰਬਜੀਤ ਸਿੰਘ ਧੂੰਦਾ ਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸ੍ਰ. ਮੇਜਰ ਸਿੰਘ ਸੰਧੂ ਮਾਂਗਾਸਰਾਏ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਸਰਵਨ ਸਿੰਘ ਮੁਝੈਲ, ਭਾਈ ਹਰਪ੍ਰੀਤ ਸਿੰਘ ਹੈਪੀ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਸੁਖਚੈਨ ਸਿੰਘ ਆਦਿ ਹਾਜ਼ਰ ਸਨ।