ਸੱਭ ਤੋਂ ਮਹੱਤਵਪੂਰਨ ਕੜੀ ਸੀ ਕੁੰਵਰ ਵਿਜੇ ਪ੍ਰਤਾਪ : ਦਲ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਪੈਸ਼ਲ ਪੜਤਾਲੀਆ ਟੀਮ ਦੇ ਮੈਂਬਰ ਨੂੰ ਲਾਹੁਣ ਦਾ ਮਾਮਲਾ

Pic-1

ਚੰਡੀਗੜ੍ਹ : ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਪ੍ਰਮੋਦ ਕੁਮਾਰ ਦੀ ਕਮਾਨ ਹੇਠ 4 ਮੈਂਬਰੀ ਸਪੈਸ਼ਲ ਪੜਤਾਲੀਆ ਟੀਮ ਯਾਨੀ ਸਿੱਟ ਦੇ ਇਕ ਅਹਿਮ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਵਲੋਂ ਹਟਾਏ ਜਾਣ 'ਤੇ ਗੁੱਸੇ ਤੇ ਹਿਰਖ ਭਰੇ ਦਲ ਖ਼ਾਲਸਾ ਦੇ ਨੇਤਾਵਾਂ ਨੇ ਅੱਜ ਬਾਅਦ ਦੁਪਹਿਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਕਿ ਇਸ ਆਈ.ਪੀ.ਐਸ. ਅਧਿਕਾਰੀ ਨੂੰ ਬਹਾਲ ਕੀਤਾ ਜਾਵੇ।

ਦਲ ਖ਼ਾਲਸਾ ਦੇ ਸਿਰਕੱਢ ਨੇਤਾ ਐਡਵੋਕੇਟ ਹਰਪਾਲ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਦੀ ਅਗਵਾਈ ਵਿਚ ਵਫ਼ਦ ਨੇ ਬਹਿਬਲ ਖ਼ੁਰਦ ਅਤੇ ਕੋਟਕਪੂਰਾ ਤੋਂ ਗੋਲੀ ਕਾਂਡ ਦੇ ਸਿੱਖ ਸ਼ਹੀਦਾਂ ਦੇ ਪਰਵਾਰ ਮੈਂਬਰਾਂ ਸੁਖਰਾਜ ਕਰਨ ਸਿੰਘ, ਸਾਧੂ ਸਿੰਘ, ਅਜੀਤ ਸਿੰਘ ਤੇ ਮਹਿੰਦਰ ਸਿੰਘ ਨੂੰ ਨਾਲ ਲੈ ਕੇ ਮੁੱਖ ਚੋਣ ਅਧਿਕਾਰੀ ਨਾਲ ਅੱਧਾ ਘੰਟਾ ਮੁਲਾਕਾਤ ਕੀਤੀ ਤੇ ਦਸਿਆ ਕਿ ਕਿਵੇਂ ਪੁਲਿਸ ਆਈ.ਜੀ. ਨੇ ਪੀੜਤਾਂ ਨੂੰ ਤਸੱਲੀ ਦਿਤੀ, ਇਨਸਾਫ਼ ਦਿਵਾਉਣ ਲਈ ਇਨਕੁਆਰੀ ਠੀਕ ਢੰਗ ਨਾਲ ਜਾਰੀ ਰੱਖੀ ਹੈ ਅਤੇ ਦੋਸ਼ੀ ਪੁਲਿਸ ਅਫ਼ਸਰਾਂ ਚਰਨਜੀਤ ਸ਼ਰਮਾ ਤੇ ਪਰਮਰਾਜ ਉਮਰਾਨੰਗਲ ਨੂੰ ਕੁੜਿੱਕੀ ਵਿਚ ਲਿਆ।

ਇਨ੍ਹਾਂ ਸਿੰਘ ਨੇਤਾਵਾਂ ਨੇ ਦਸਿਆ ਕਿ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੋਸ਼ੀ ਬਾਦਲ ਪਰਵਾਰ ਨੂੰ ਸਜ਼ਾ ਦਿਵਾਉਣ ਦੇ ਨੇੜੇ ਪਹੁੰਚ ਰਿਹਾ ਸੀ ਅਤੇ ਹੁਣ ਕੇਂਦਰ ਸਰਕਾਰ ਵਿਚ ਅਪਣਾ ਰਸੂਖ਼ ਵਰਤ ਕੇ ਅਕਾਲੀ ਦਲ ਦੇ ਲੀਡਰਾਂ ਨੇ ਨਰੇਸ਼ ਗੁਜਰਾਲ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਬਹਾਨੇ ਨਾਲ ਆਈ.ਜੀ. ਨੂੰ ਸਿਟ ਤੋਂ ਹਟਵਾ ਦਿਤਾ। ਦਲ ਖ਼ਾਲਸਾ ਤੇ ਪੀੜਤ ਪਰਵਾਰਾਂ ਨੇ ਡੱਟ ਕੇ ਚੋਣ ਕਮਿਸ਼ਨ 'ਤੇ ਦੋਸ਼ ਲਾਇਆ ਕਿ ਇਸ ਨੇ ਅਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹ ਗ਼ੈਰ ਕਾਨੂੰਨੀ ਹਰਕਤ ਕੀਤੀ ਹੈ।

ਦਲ ਖ਼ਾਲਸਾ ਦੇ ਵਫ਼ਦ ਨਾਲ ਚੋਣ ਅਧਿਕਾਰੀ ਨੂੰ ਮਿਲਣ ਗਏ ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਦੇ ਸਿੱਖ ਆਗੂ ਜਗਮੋਹਨ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਸਿੱਖ ਜਗਤ ਵਿਚ ਵੱਡਾ ਗੁੱਸਾ, ਰੋਸ ਹੈ ਅਤੇ ਇਨਸਾਫ਼ ਲੈਣ ਲਈ ਭਲਕੇ ਨਵੀਂ ਦਿੱਲੀ ਵਿਚ ਚੋਣ ਕਮਿਸ਼ਨ ਦੇ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਧਰਨਾ ਜਾਰੀ ਰੱਖਿਆ ਜਾਵੇਗਾ। ਇਨ੍ਹਾਂ ਸਿੱਖ ਲੀਡਰਾਂ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਅਪਣੀ ਲਕਸ਼ਮਣ ਰੇਖਾ ਦਾ ਉਲੰਘਣਾ ਕੀਤਾ ਹੈ, ਬਾਦਲਾਂ ਦੀ ਸ਼ਰੇਆਮ ਮਦਦ ਕੀਤੀ ਹੈ, ਕੁੰਵਰ ਵਿਜੇ ਪ੍ਰਤਾਪ ਨੇ ਕੋਈ ਚੋਣ ਜ਼ਾਬਤਾ ਨਹੀਂ ਤੋੜਿਆ ਅਤੇ ਨਾ ਹੀ ਉਹ ਕਿਸੇ ਚੋਣ ਡਿਊਟੀ 'ਤੇ ਤੈਨਾਤ ਸੀ।