ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁਧ ਸਾਰੀਆਂ ਪਾਰਟੀਆਂ ਹੋਈਆਂ ਇਕਮੁਠ, ਬਦਲੀ ਰੱਦ ਕਰਨ ਦੀ ਮੰਗ
ਕੈਪਟਨ ਵਲੋਂ ਚੋਣ ਕਮਿਸ਼ਨ ਨੂੰ ਪੱਤਰ, ਅਧਿਕਾਰੀ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਜਾਂਚ ਕਰ ਰਿਹਾ, ਬਦਲੀ ਉਪਰ ਮੁੜ ਗ਼ੌਰ ਕਰਨ ਦੀ ਮੰਗ
ਚੰਡੀਗੜ੍ਹ : ਕੋਟਕਪੂਰਾ, ਬਰਗਾੜੀ ਗੋਲੀ ਕਾਂਡ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਦੇ ਵਿਰੋਧ ਵਿਚ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਇਕ ਪਾਸੇ ਇਕੱਠੀਆਂ ਹੋ ਗਈਆਂ ਹਨ। ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਅਧਿਕਾਰੀ ਦੀ ਬਦਲੀ ਰੱਦ ਕੀਤੀ ਜਾਵੇ ਕਿਉਂਕਿ ਉਹ ਨਿਰਪੱਖ ਅਤੇ ਈਮਾਨਦਾਰੀ ਨਾਲ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਲਿਆ ਰਹੇ ਹਨ।
ਦਸਣਯੋਗ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਚੋਣ ਕਮਿਸ਼ਨ ਨੂੰ ਇਕ ਸ਼ਿਕਾਇਤ ਕੀਤੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂਚ ਦੇ ਨਾਮ ਹੇਠ ਸਿਆਸਤ ਕਰ ਰਹੇ ਹਨ। ਗੁਜਰਾਲ ਨੇ ਅਪਣੀ ਸ਼ਿਕਾਇਤ ਨਾਲ, ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਆਨਾਂ ਦੀਆਂ ਕੁੱਝ ਸੀਡੀਜ਼ ਵੀ ਭੇਜੀਆਂ ਸਨ। ਉਸ ਦੇ ਅਧਾਰ ਉਪਰ ਹੀ ਕਮਿਸ਼ਨ ਨੇ ਕਾਰਵਾਈ ਕਰਦਿਆਂ ਉਨ੍ਹਾਂ ਦਾ ਤਬਾਦਲਾ ਕਰ ਦਿਤਾ। ਕਾਂਗਰਸ, ਆਪ, ਪੰਜਾਬ ਡੈਮੋਕਰੇਟਿਕ ਗਠਜੋੜ, ਅਕਾਲੀ ਦਲ ਟਕਸਾਲੀ ਅਤੇ ਪੰਥਕ ਜਥੇਬੰਦੀਆਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ ਅਤੇ ਹਰ ਪਾਸਿਉਂ ਮੰਗ ਕੀਤੀ ਜਾਣ ਲੱਗੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਰੱਦ ਕੀਤੀ ਜਾਵੇ ਤਾਂ ਜੋ ਉਹ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾ ਸਕਣ।
ਪੰਥਕ ਅਕਾਲੀ ਦਲ ਦੇ ਆਗੂਆਂ ਨੇ ਤਾਂ ਪਿਛਲੇ ਦਿਨ ਦਿੱਲੀ ਵਿਚ ਚੋਣ ਕਮਿਸ਼ਨ ਦੇ ਦਫ਼ਤਰ ਸਾਹਮਣੇ ਧਰਨਾ ਵੀ ਦਿਤਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਉਹ ਚੋਣ ਅਧਿਕਾਰੀ ਨੂੰ ਮਿਲ ਕੇ ਮੰਗ ਕਰਨਗੇ ਕਿ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਰੱਦ ਕੀਤਾ ਜਾਵੇ। ਟਕਸਾਲੀ ਆਗੂ ਸੇਵਾ ਸਿੰਘ ਸੇਖਵਾ ਦਾ ਕਹਿਣਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨਿਰਪੱਖ ਜਾਂਚ ਕਰ ਰਹੇ ਸਨ। ਹੁਣ ਆਸ ਬੱਝੀ ਸੀ ਕਿ ਦੋਸ਼ੀ ਪਕੜੇ ਜਾਣਗੇ। ਪ੍ਰੰਤੂ ਉਨ੍ਹਾਂ ਦੀ ਬਦਲੀ ਹੋਣ ਨਾਲ ਜਾਂਚ ਪ੍ਰਭਾਵਤ ਹੋਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਟੀਮ ਦੇ ਸੀਨੀਅਰ ਮੈਂਬਰ ਦਾ ਤਬਾਦਲਾ ਚੋਣ ਪ੍ਰਕਿਰਿਆ ਨਾਲ ਜੁੜਿਆ ਹੋਇਆ ਨਹੀਂ। ਸਿਟ ਦਾ ਚੋਣ ਪ੍ਰਕਿਰਿਆ ਨਾਲ ਕੋਈ ਸਬੰਧ ਨਹੀਂ। ਜੇਕਰ ਉਨ੍ਹਾਂ ਨੇ ਜਾਂਚ ਨਾਲ ਸਬੰਧਤ ਮੀਡੀਆ ਵਿਚ ਕੋਈ ਬਿਆਨ ਦਿਤਾ ਹੈ ਤਾਂ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਬਿਆਨਬਾਜ਼ੀ ਨਾ ਕਰਨ। ਪ੍ਰੰਤੂ ਉਨ੍ਹਾਂ ਦਾ ਤਬਾਦਲਾ ਇਕ ਸਹੀ ਨਿਰਣਾ ਨਹੀਂ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਨਾਲ ਉਨ੍ਹਾਂ ਦੀ ਪਾਰਟੀ ਦਾ ਵਫ਼ਦ ਮੁਲਾਕਾਤ ਕਰ ਕੇ ਤਬਾਦਲਾ ਰੱਦ ਕਰਨ ਦੀ ਮੰਗ ਰਖੇਗਾ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਬਾਦਲੇ ਦਾ ਸਖ਼ਤ ਵਿਰੋਧ ਕਰਦਿਆਂ ਚੋਣ ਕਮਿਸ਼ਨ ਨੂੰ ਲਿਖਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਂਚ ਸਬੰਧੀ ਪੱਤਰਕਾਰਾਂ ਵਲੋਂ ਪੁਛੇ ਜਾਣ 'ਤੇ ਅਪਣਾ ਪੱਖ ਦੇ ਕੇ ਕੁੱਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਬਣਾਈ ਰਖਣ ਲਈ ਅੱਜਕਲ ਜਾਂਚ ਨੂੰ ਜਨਤਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ ਅਪਣੇ ਛਾਪਿਆਂ ਜਾਂ ਜਾਂਚ ਨਾਲ ਸਬੰਧਤ ਤੱਥ ਜਨਤਕ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਾਂ ਸੀ.ਬੀ.ਆਈ ਨੇ ਅਪਣੇ ਬੁਲਾਰੇ ਵੀ ਨਿਯੁਕਤ ਕਰ ਲਏ ਹਨ ਜੋ ਹਰ ਮੁੱਦੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹਨ।
ਉਨ੍ਹਾਂ ਅਪਣੇ ਪੱਤਰ 'ਚ ਚੋਣ ਕਮਿਸ਼ਨ ਨੂੰ ਕਾਨੂੰਨੀ ਅਤੇ ਜੁਡੀਸ਼ੀਅਲ ਪੱਖ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਚੋਣ ਕਮਿਸ਼ਨ ਅਪਣੇ ਫ਼ੈਸਲੇ ਉਪਰ ਮੁੜ ਗ਼ੌਰ ਕਰੇ। ਉਨ੍ਹਾਂ ਸਿਟ ਦੀ ਜਾਂਚ ਦੇ ਕਾਨੂੰਨੀ ਹਵਾਲੇ ਦਿੰਦਿਆਂ ਲਿਖਿਆ ਹੈ ਕਿ ਜਾਂਚ ਟੀਮ ਅਤੇ ਵਿਜੇ ਪ੍ਰਤਾਪ ਸਿੰਘ ਨਿਯਮਾਂ ਅਨੁਸਾਰ ਅਪਦੇ ਕਰਤਵ ਦਾ ਨਿਰਪੱਖ ਪਾਲਣ ਕਰ ਰਹੇ ਹਨ। ਇਹ ਜਾਂਚ ਕਿਸੀ ਵੀ ਤਰ੍ਹਾਂ ਚੋਣ ਕਮਿਸ਼ਨ ਨੇ ਦਾਇਰੇ ਵਿਚ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾ ਅਨੁਸਾਰ ਹੀ ਇਹ ਟੀਮ ਜਾਂਚ ਕਰ ਰਹੀ ਹੈ। 'ਆਪ' ਨੇ ਵੀ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰ ਕੇ ਇਸ ਅਧਿਕਾਰੀ ਦਾ ਤਬਾਦਲਾ ਰੱਦ ਕਰਨ ਦੀ ਮੰਗ ਕੀਤੀ ਸੀ।